
- ਸੁਰੱਖਿਆ ਏਜੰਸੀਆ ਵੱਲੋਂ ਚਲਾਇਆ ਜਾ ਰਿਹਾ ਸਰਚ ਆਪ੍ਰੇਸ਼ਨ
ਨਵੀਂ ਦਿੱਲੀ, 23 ਅਪ੍ਰੈਲ 2025 : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਾਂਚ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰੀ ਰਾਈਫਲਜ਼, ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਸਾਂਝੇ ਤੌਰ ‘ਤੇ ਇੱਥੋਂ ਦੇ ਜੰਗਲਾਂ ਵਿੱਚ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾ ਰਹੇ ਹਨ। ਕੁਝ ਦਹਿਸ਼ਤਗਰਦਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੇ ਪਹਿਲਗਾਮ ਹਮਲੇ ਦੇ 3 ਸ਼ੱਕੀ ਅੱਤਵਾਦੀਆਂ ਦੇ ਸਕੈੱਚ ਜਾਰੀ ਕੀਤੇ ਹਨ। ਏਜੰਸੀਆਂ ਨੇ ਹਮਲੇ ਦੇ ਚਸ਼ਮਦੀਦਾਂ ਦੀ ਮਦਦ ਨਾਲ ਇਹ ਸਕੈਚ ਤਿਆਰ ਕੀਤੇ ਹਨ। ਉਨ੍ਹਾਂ ਦੇ ਨਾਮ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਦੱਸੇ ਗਏ ਹਨ। ਖੁਫੀਆ ਸੂਤਰਾਂ ਨੇ ਦੱਸਿਆ ਕਿ ਇਸ ਹਮਲੇ ਦਾ ਮਾਸਟਰਮਾਈਂਡ ਲਸ਼ਕਰ-ਏ-ਤਾਇਬਾ ਦਾ ਡਿਪਟੀ ਚੀਫ਼ ਸੈਫੁੱਲਾ ਖਾਲਿਦ ਹੈ। ਲਸ਼ਕਰ-ਏ-ਤਾਇਬਾ ਦੇ ਇੱਕ ਪ੍ਰੌਕਸੀ ਵਿੰਗ, ਰੇਸਿਸਟੈਂਸ ਫਰੰਟ (ਟੀਆਰਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਦੌਰਾਨ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਇਸ ਹਮਲੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਜਾਂਚ ਲਈ ਪਹਿਲਗਾਮ ਪਹੁੰਚ ਗਈ ਹੈ। ਗੌਰਤਲਬ ਹੈ ਕਿ ਮੰਗਲਵਾਰ ਦੁਪਹਿਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 27 ਲੋਕ ਮਾਰੇ ਗਏ ਸਨ। 20 ਤੋਂ ਵੱਧ ਲੋਕ ਜ਼ਖਮੀ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੈਸਰਨ ਘਾਟੀ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਮੌਜੂਦ ਸਨ। ਮ੍ਰਿਤਕਾਂ ਵਿੱਚ ਯੂਪੀ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਓਡੀਸ਼ਾ ਦੇ ਸੈਲਾਨੀ ਸ਼ਾਮਲ ਹਨ। ਨੇਪਾਲ ਅਤੇ ਯੂਏਈ ਦੇ ਇੱਕ-ਇੱਕ ਸੈਲਾਨੀ ਅਤੇ ਦੋ ਸਥਾਨਕ ਲੋਕਾਂ ਦੀ ਵੀ ਮੌਤ ਹੋ ਗਈ।