ਲਾਤੇਹਾਰ, 30 ਅਗਸਤ 2024 : ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ 'ਚ ਬਿਜਲੀ ਡਿੱਗਣ ਕਾਰਨ ਦੋ ਫੁੱਟਬਾਲ ਖਿਡਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ 'ਚ 10 ਲੋਕ ਜ਼ਖਮੀ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਹ ਘਟਨਾ ਬਰੀਤੂ ਥਾਣਾ ਖੇਤਰ ਦੇ ਇਕ ਪਿੰਡ 'ਚ ਦੁਪਹਿਰ ਸਮੇਂ ਉਸ ਸਮੇਂ ਵਾਪਰੀ ਜਦੋਂ ਕੁਝ ਲੜਕੇ ਫੁੱਟਬਾਲ ਖੇਡ ਰਹੇ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਦੀਪਕ ਕੁਮਾਰ ਅਤੇ ਵਰਿੰਦਰ ਗੰਝੂ ਵਜੋਂ ਹੋਈ ਹੈ। ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ 'ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਫਾਈਨਲ ਫੁੱਟਬਾਲ ਮੈਚ ਚੱਲ ਰਿਹਾ ਸੀ। ਮੈਚ ਖਤਮ ਹੋਣ ਤੋਂ ਥੋੜ੍ਹੀ ਦੇਰ ਬਾਅਦ ਅਚਾਨਕ ਦੋ ਥਾਵਾਂ 'ਤੇ ਬਿਜਲੀ ਡਿੱਗੀ। ਇਸ ਦੀ ਲਪੇਟ 'ਚ ਆਉਣ ਨਾਲ ਦੋ ਫੁੱਟਬਾਲ ਖਿਡਾਰੀਆਂ ਦੀ ਮੌਤ ਹੋ ਗਈ। ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਉਥੇ ਪਹੁੰਚ ਗਏ। ਇਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਮੌਕੇ 'ਤੇ ਪਹੁੰਚ ਕੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਦੋ ਜ਼ਖਮੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਸਾਰੇ ਜ਼ਖਮੀਆਂ ਦਾ ਇਲਾਜ ਜਾਰੀ ਹੈ। ਮਰਨ ਵਾਲਿਆਂ ਵਿੱਚ ਦੀਪਕ ਕੁਮਾਰ ਅਤੇ ਵਰਿੰਦਰ ਗੰਝੂ ਸ਼ਾਮਲ ਹਨ। ਦੋਵੇਂ ਮ੍ਰਿਤਕ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ 'ਚ ਜ਼ਖਮੀਆਂ 'ਚੋਂ ਕੁਝ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਡਾਕਟਰ ਅਮਰਨਾਥ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਜ਼ਖਮੀ ਹੋਏ 12 ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ। ਜਿਨ੍ਹਾਂ ਵਿਚੋਂ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਤਿੰਨ ਲੋਕਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜਦਕਿ ਬਾਕੀ ਖ਼ਤਰੇ ਤੋਂ ਬਾਹਰ ਹਨ।