- ਅਸੀਂ ਚਾਹਾਂਗੇ ਕਿ ਇਸ ਅਹੁਦੇ 'ਤੇ ਕੋਈ ਮਹਿਲਾ ਆਵੇ : ਵਿਨੇਸ਼ ਫੌਗਾਟ
ਨਵੀਂ ਦਿੱਲੀ : 24 ਦਸੰਬਰ : ਖੇਡ ਮੰਤਰਾਲੇ ਨੇ ਐਤਵਾਰ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਨੂੰ ਅਗਲੇ ਨੋਟਿਸ ਤਕ ਮੁਅੱਤਲ ਕਰ ਦਿਤਾ ਕਿਉਂਕਿ ਨਵੀਂ ਚੁਣੀ ਗਈ ਸੰਸਥਾ ਨੇ ਉਚਿਤ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਅਤੇ ਪਹਿਲਵਾਨਾਂ ਨੂੰ ਤਿਆਰੀ ਲਈ ਜ਼ਰੂਰੀ ਸਮਾਂ ਦਿਤੇ ਬਿਨਾਂ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪਾਂ ਕਰਵਾਉਣ ਦਾ ਐਲਾਨ ਕਰ ਦਿਤਾ ਸੀ। ਮੰਤਰਾਲੇ ਨੇ ਨਾਲ ਹੀ ਕਿਹਾ ਕਿ ਨਵੀਂ ਸੰਸਥਾ ਪੂਰੀ ਤਰ੍ਹਾਂ ਸਾਬਕਾ ਅਧਿਕਾਰੀਆਂ ਦੇ ਕੰਟਰੋਲ ਹੇਠ ਹੈ ਜੋ ਰਾਸ਼ਟਰੀ ਖੇਡ ਜ਼ਾਬਤੇ ਦੇ ਅਨੁਸਾਰ ਨਹੀਂ ਹੈ। ਡਬਲਿਊ.ਐੱਫ.ਆਈ. ਦੀਆਂ ਚੋਣਾਂ 21 ਦਸੰਬਰ ਨੂੰ ਹੋਈਆਂ ਸਨ ਅਤੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਅਤੇ ਉਨ੍ਹਾਂ ਦੇ ਪੈਨਲ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਖੇਡ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ, ‘‘ਨਵੀਂ ਸੰਸਥਾ ਨੇ ਡਬਲਿਊ.ਐੱਫ.ਆਈ. ਦੇ ਸੰਵਿਧਾਨ ਦੀ ਪਾਲਣਾ ਨਹੀਂ ਕੀਤੀ। ਫੈਡਰੇਸ਼ਨ ਅਗਲੇ ਹੁਕਮਾਂ ਤਕ ਮੁਅੱਤਲ ਰਹੇਗੀ। ਡਬਲਿਊ.ਐੱਫ.ਆਈ. ਕੁਸ਼ਤੀ ਦੇ ਰੋਜ਼ਾਨਾ ਦੇ ਕੰਮਕਾਜ ਦੀ ਦੇਖਭਾਲ ਨਹੀਂ ਕਰੇਗਾ। ਉਨ੍ਹਾਂ ਨੂੰ ਉਚਿਤ ਪ੍ਰਕਿਰਿਆਵਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ।’’ ਬਜਰੰਗ ਪੂਨੀਆ, ਜਿਨ੍ਹਾਂ ਨੇ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੇ ਨਾਲ ਬ੍ਰਿਜ ਭੂਸ਼ਣ ਵਿਰੁਧ ਅੰਦੋਲਨ ਦੀ ਅਗਵਾਈ ਕੀਤੀ ਸੀ, ਨੇ ਸਾਬਕਾ ਪ੍ਰਧਾਨ ਦੇ ਭਰੋਸੇਯੋਗ ਸੰਜੇ ਸਿੰਘ ਦੀ ਡਬਲਿਊ.ਐੱਫ.ਆਈ. ਪ੍ਰਧਾਨ ਵਜੋਂ ਨਿਯੁਕਤੀ ਦੇ ਵਿਰੋਧ ’ਚ ਸ਼ੁਕਰਵਾਰ ਨੂੰ ਅਪਣਾ ਪਦਮਸ਼੍ਰੀ ਪੁਰਸਕਾਰ ਸਰਕਾਰ ਨੂੰ ਵਾਪਸ ਕਰ ਦਿਤਾ। ਇਸ ਤੋਂ ਇਕ ਦਿਨ ਪਹਿਲਾਂ ਸਾਕਸ਼ੀ ਨੇ ਵੀ ਕੁਸ਼ਤੀ ਨੂੰ ਅਲਵਿਦਾ ਕਹਿ ਦਿਤਾ ਸੀ। ਮੁਅੱਤਲੀ ਦੇ ਕਾਰਨਾਂ ਬਾਰੇ ਦੱਸਦੇ ਹੋਏ ਸੂਤਰ ਨੇ ਕਿਹਾ, ‘‘ਡਬਲਿਊ.ਐੱਫ.ਆਈ. ਦੇ ਨਵੇਂ ਚੁਣੇ ਗਏ ਪ੍ਰਧਾਨ ਸੰਜੇ ਸਿੰਘ ਨੇ 21 ਦਸੰਬਰ 2023 ਨੂੰ ਅਪਣੀ ਚੋਣ ਵਾਲੇ ਦਿਨ ਐਲਾਨ ਕੀਤਾ ਸੀ ਕਿ ਕੁਸ਼ਤੀ ਲਈ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪ ਸਾਲ ਦੇ ਅੰਤ ਤੋਂ ਪਹਿਲਾਂ ਨੰਦਿਨੀ ਨਗਰ, ਗੋਂਡਾ, ਉੱਤਰ ਪ੍ਰਦੇਸ਼ ’ਚ ਕੀਤੀ ਜਾਵੇਗੀ। ਇਹ ਐਲਾਨ ਜਲਦਬਾਜ਼ੀ ’ਚ ਕੀਤਾ ਗਿਆ ਹੈ। ਉਕਤ ਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਨੂੰ ਲੋੜੀਂਦੀ ਜਾਣਕਾਰੀ ਦਿਤੇ ਬਿਨਾਂ। ਡਬਲਿਊ.ਐੱਫ.ਆਈ. ਸੰਵਿਧਾਨ ਦੀਆਂ ਵਿਵਸਥਾਵਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ।’’ ਸੂਤਰਾਂ ਨੇ ਦਸਿਆ ਕਿ ਨਵੀਂ ਸੰਸਥਾ ਨੇ ਉਸੇ ਇਮਾਰਤ (ਬ੍ਰਿਜ ਭੂਸ਼ਣ ਦਾ ਸਰਕਾਰੀ ਬੰਗਲਾ) ਤੋਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ, ਜਿੱਥੋਂ ਪਿਛਲੇ ਅਹੁਦੇਦਾਰ ਕੰਮ ਕਰਦੇ ਸਨ ਅਤੇ ਜਿੱਥੇ ਖਿਡਾਰੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਸੂਤਰ ਨੇ ਕਿਹਾ, ‘‘ਅਜਿਹਾ ਜਾਪਦਾ ਹੈ ਕਿ ਨਵੀਂ ਚੁਣੀ ਗਈ ਸੰਸਥਾ ਸਾਬਕਾ ਅਹੁਦੇਦਾਰਾਂ ਦੇ ਪੂਰੀ ਤਰ੍ਹਾਂ ਕੰਟਰੋਲ ’ਚ ਹੈ, ਜੋ ਖੇਡ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ।’’ ਉਨ੍ਹਾਂ ਕਿਹਾ, ‘‘ਫੈਡਰੇਸ਼ਨ ਨੂੰ ਸਾਬਕਾ ਅਹੁਦੇਦਾਰਾਂ ਦੇ ਕੰਟਰੋਲ ਵਾਲੇ ਟਿਕਾਣੇ ਤੋਂ ਚਲਾਇਆ ਜਾ ਰਿਹਾ ਹੈ। ਇਹ ਕਥਿਤ ਇਮਾਰਤ ਵੀ ਉਹੀ ਹੈ ਜਿੱਥੇ ਖਿਡਾਰੀਆਂ ਦਾ ਕਥਿਤ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਅਤੇ ਇਸ ਸਮੇਂ ਅਦਾਲਤ ’ਚ ਕੇਸ ਦੀ ਸੁਣਵਾਈ ਚੱਲ ਰਹੀ ਹੈ।’’ ਸੂਤਰ ਨੇ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੀ ਨਵੀਂ ਚੁਣੀ ਗਈ ਕਾਰਜਕਾਰੀ ਸੰਸਥਾ ਵਲੋਂ ਲਏ ਗਏ ਫੈਸਲੇ ਸਥਾਪਤ ਕਾਨੂੰਨੀ ਅਤੇ ਪ੍ਰਕਿਰਿਆਤਮਕ ਨਿਯਮਾਂ ਦੀ ਘੋਰ ਅਣਦੇਖੀ ਨੂੰ ਦਰਸਾਉਂਦੇ ਹਨ, ਜੋ ਡਬਲਿਊ.ਐੱਫ.ਆਈ. ਦੇ ਸੰਵਿਧਾਨਕ ਪ੍ਰਬੰਧਾਂ ਅਤੇ ਰਾਸ਼ਟਰੀ ਖੇਡ ਵਿਕਾਸ ਕੋਡ ਦੋਹਾਂ ਦੀ ਉਲੰਘਣਾ ਹੈ। ਸੂਤਰ ਨੇ ਕਿਹਾ ਕਿ ਨਵੀਂ ਸੰਸਥਾ ਦੀਆਂ ਇਹ ਸਾਰੀਆਂ ਕਾਰਵਾਈਆਂ ਨਿਰਪੱਖ ਅਤੇ ਪਾਰਦਰਸ਼ੀ ਸ਼ਾਸਨ ਦੇ ਸਥਾਪਤ ਨਿਯਮਾਂ ਦੇ ਉਲਟ ਹਨ। ਸੂਤਰ ਨੇ ਕਿਹਾ, ‘‘ਇਹ ਕਾਰਵਾਈਆਂ ਪ੍ਰਧਾਨ ਦੀ ਪੂਰੀ ਤਰ੍ਹਾਂ ਮਨਮਾਨੀ ਨੂੰ ਦਰਸਾਉਂਦੀਆਂ ਹਨ ਜੋ ਚੰਗੇ ਸ਼ਾਸਨ ਦੇ ਸਥਾਪਤ ਸਿਧਾਂਤਾਂ ਦੇ ਵਿਰੁਧ ਹੈ ਅਤੇ ਪਾਰਦਰਸ਼ਤਾ ਅਤੇ ਉਚਿਤ ਪ੍ਰਕਿਰਿਆ ਤੋਂ ਵਾਂਝੀ ਹੈ। ਨਿਰਪੱਖ ਖੇਡ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਕਾਰਜਾਂ ਦੇ ਨਿਯਮਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ। ਖਿਡਾਰੀਆਂ, ਹਿੱਸੇਦਾਰਾਂ ਅਤੇ ਜਨਤਾ ਵਿਚਕਾਰ ਵਿਸ਼ਵਾਸ ਬਣਾਉਣ ਲਈ ਇਹ ਮਹੱਤਵਪੂਰਨ ਹੈ।’’
ਅਸੀਂ ਚਾਹਾਂਗੇ ਕਿ ਇਸ ਅਹੁਦੇ 'ਤੇ ਕੋਈ ਮਹਿਲਾ ਆਵੇ: ਵਿਨੇਸ਼ ਫੌਗਾਟ
ਵਿਨੇਸ਼ ਫੌਗਾਟ ਨੇ ਖੇਡ ਮੰਤਰਾਲੇ ਦੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਉਮੀਦ ਦੀ ਇਕ ਕਿਰਨ ਜਾਗੀ ਹੈ। ਇਹ ਬਹੁਤ ਚੰਗੀ ਗੱਲ ਹੈ। ਅਸੀਂ ਚਾਹਾਂਗੇ ਕਿ ਇਸ ਅਹੁਦੇ 'ਤੇ ਕੋਈ ਮਹਿਲਾ ਆਉਣੀ ਚਾਹੀਦੀ ਹੈ ਤਾਂਕਿ ਇਹ ਸੰਦੇਸ਼ ਜਾਵੇ ਕਿ ਔਰਤਾਂ ਅੱਗੇ ਵਧ ਰਹੀਆਂ ਹਨ। ਔਰਤਾਂ ਨਾਲ ਸ਼ੋ਼ਸ਼ਣ ਹੋਣਾ ਕੋਈ ਸਿਆਸੀ ਨਹੀਂ ਹੈ। ਉਨ੍ਹਾਂ ਚੰਗੇ ਆਦਮੀ ਨੂੰ ਫੈਡਰੇਸ਼ਨ 'ਚ ਲਿਆਓ। ਬਜੰਰਗ ਪੂਨੀਆ ਨੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਕਿਹਾ ਕਿ ਸਰਕਾਰ ਨੇ ਜੋ ਫ਼ੈਸਲਾ ਲਿਆ ਹੈ, ਉਹ ਇਕਦਮ ਸਹੀ ਹੈ।
ਮੈਂ ਅਜੇ ਤੱਕ ਲਿਖਤ 'ਚ ਕੁਝ ਨਹੀਂ ਦੇਖਿਆ : ਸਾਕਸ਼ੀ ਮਲਿਕ
ਇਸ ਪੂਰੇ ਮਾਮਲੇ 'ਚ ਪਹਿਲਵਾਨ ਸਾਕਸ਼ੀ ਮਲਿਕ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਅਜੇ ਤੱਕ ਲਿਖਤ 'ਚ ਕੁਝ ਵੀ ਨਹੀਂ ਦੇਖਿਆ। ਮੈਨੂੰ ਨਹੀਂ ਪਤਾ ਕਿ ਸਿਰਫ਼ ਸੰਜੇ ਸਿੰਘ ਨੁੰ ਮੁਅੱਤਲ ਕੀਤਾ ਗਿਆ ਹੈ ਜਾਂ ਪੂਰੇ ਸੰਘ ਨੂੰ। ਸੰਸਥਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ... ਸਾਡੀ ਲੜਾਈ ਸਰਕਾਰ ਨਾਲ ਨਹੀਂ ਸੀ। ਸਾਡੀ ਲੜਾਈ ਮਹਿਲਾ ਪਹਿਲਵਾਨਾਂ ਲਈ ਹੈ। ਮੈਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ਪਰ ਚਾਹੁੰਦੀ ਹਾਂ ਕਿ ਆਉਣ ਵਾਲੇ ਪਹਿਲਵਾਨਾਂ ਨੂੰ ਨਿਆਂ ਮਿਲੇ।
ਖੇਡ ਮੰਤਰਾਲੇ ਨੇ ਚੰਗਾ ਸੁਨੇਹਾ ਦਿੱਤਾ ਹੈ : ਸੁਖਬੀਰ ਮਲਿਕ
ਕੁਸ਼ਤੀ ਸੰਘ ਦੀ ਨਵੀਂ ਕਾਰਜਕਾਰਨੀ ਦੀ ਮੁਅੱਤਲੀ ਤੋਂ ਖੁਸ਼ ਹਨ। ਸਾਕਸ਼ੀ ਦੇ ਪਿਤਾ ਸੁਖਬੀਰ ਮਲਿਕ ਨੇ ਖੇਡ ਮੰਤਰਾਲੇ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਖੇਡ ਮੰਤਰਾਲੇ ਨੇ ਚੰਗਾ ਸੁਨੇਹਾ ਦਿੱਤਾ ਹੈ। ਹਾਲਾਂਕਿ ਮਾਂ ਸੁਦੇਸ਼ ਮਲਿਕ ਦਾ ਕਹਿਣਾ ਹੈ ਕਿ ਉਹ ਬੇਟੀ ਸਾਕਸ਼ੀ ਨੂੰ ਉਦੋਂ ਹੀ ਮਨਾਉਣਗੇ ਜਦੋਂ ਪੂਰੀ ਸਕਾਰਾਤਮਕ ਤਸਵੀਰ ਸਪੱਸ਼ਟ ਹੋਵੇਗੀ। ਕਿਉਂਕਿ ਅਜੇ ਸਿਰਫ਼ ਸੰਘ ਨੂੰ ਮੁਅੱਤਲ ਕੀਤਾ ਗਿਆ ਹੈ। ਸਾਕਸ਼ੀ ਦੀ ਮਾਂ ਸੁਦੇਸ਼ ਨੇ ਦੱਸਿਆ ਕਿ ਸਾਕਸ਼ੀ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਸ ਲਈ ਦੇਸ਼ ਭਰ ਦੇ ਖਿਡਾਰੀਆਂ 'ਚ ਗੁੱਸਾ ਵਧ ਰਿਹਾ ਸੀ। ਬਜਰੰਗ ਪੂਨੀਆ ਨੇ ਪਦਮਸ਼੍ਰੀ ਵਾਪਸ ਕਰਨ ਦਾ ਫੈਸਲਾ ਕੀਤਾ ਸੀ, ਜਦਕਿ ਹੋਰ ਪਹਿਲਵਾਨ ਵੀ ਸਮਰਥਨ 'ਚ ਆਏ ਸਨ। ਅਸੀਂ ਖੇਡ ਮੰਤਰਾਲੇ ਦੀ ਆਉਣ ਵਾਲੀ ਰਣਨੀਤੀ 'ਤੇ ਆਪਣਾ ਪੂਰਾ ਧਿਆਨ ਰੱਖਾਂਗੇ, ਕਿਉਂਕਿ ਇਹ ਦੇਖਣਾ ਬਾਕੀ ਹੈ ਕਿ ਮੁਅੱਤਲੀ ਤੋਂ ਬਾਅਦ ਕੀ ਕਾਰਵਾਈ ਹੋਵੇਗੀ। ਇਸ ਲਈ ਅਸੀਂ ਆਪਣੀ ਧੀ ਨੂੰ ਖੇਡਾਂ ਟਚ ਵਾਪਸ ਆਉਣ ਲਈ ਉਦੋਂ ਹੀ ਮਨਾਵਾਂਗੇ ਜਦੋਂ ਸਾਨੂੰ ਭਵਿੱਖ ਟਚ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਣਗੇ।