ਅਹਿਮਦਾਬਾਦ, 24 ਦਸੰਬਰ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਕ ਵਿਚ ਗ਼ਰੀਬਾਂ ਸਮੇਤ 140 ਕਰੋੜ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਇਸ ਟੀਚੇ ਲਈ ਸਮਰਪਣ ਭਾਵਨਾ ਨਾਲ ਕੰਮ ਕੀਤਾ ਹੈ। ਸ਼ਾਹ ਇੱਥੇ ਪੀਐੱਮ ਸਵੈਨਿਧੀ ਯੋਜਨਾ ਦੇ ਲਾਭਪਾਤਰੀਆਂ ਦੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਹ ਯੋਜਨਾ ਰੇਹੜੀਆਂ-ਫੜੀਆਂ ਵਾਲਿਆਂ ਨੂੰ ਆਸਾਨ ਕਰਜ਼ਾ ਦਿਵਾਉਣ ਵਿਚ ਮਦਦਗਾਰ ਸਾਬਤ ਹੋਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਪੀਐੱਮ ਮੋਦੀ ਭਾਰਤ ਨੂੰ ਪੁਲਾੜ ਤਕਨੀਕ ਤੇ ਰੱਖਿਆ ਖੇਤਰ ਵਿਚ ਆਤਮ-ਨਿਰਭਰ ਬਣਾਉਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਦਾ ਟੀਚਾ ਗ਼ਰੀਬ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਹੈ। ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮ-ਨਿਰਭਰ ਫੰਡ (ਸਵੈਨਿਧੀ ਯੋਜਨਾ) ਦੇ ਲਾਭਪਾਤਰੀਆਂ ਨੂੰ ਕਰਜ਼ਾ ਦੇਣ ਦੇ ਪ੍ਰੋਗਰਾਮ ਵਿਚ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਹਾਜ਼ਰ ਸਨ। ਸ਼ਾਹ ਨੇ ਅੱਗੇ ਕਿਹਾ ਕਿ ਮੋਦੀ ਨੇ ਮੁਲਕ ਨੂੰ ਆਤਮ- ਨਿਰਭਰ ਬਣਾਉਣ ਦਾ ਸੱਦਾ ਦਿੱਤਾ ਹੋਇਆ ਹੈ। ਮੋਦੀ, ਦੇਸ਼ ਨੂੰ ਪੁਲਾੜ ਤਕਨੀਕ, ਰੱਖਿਆ, ਸਾਰੇ ਤਰ੍ਹਾਂ ਦੇ ਵਪਾਰਾਂ ਤੇ ਹੋਰਨਾਂ ਖੇਤਰਾਂ ਵਿਚ ਆਤਮ ਨਿਰਭਰ ਬਣਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਮੋਦੀ ਸਾਰੇ ਗ਼ਰੀਬਾਂ ਸਮੇਤ 140 ਕਰੋੜ ਲੋਕਾਂ ਨੂੰ ਆਤਮ ਨਿਰਭਰ ਬਣਾਉਣਾ ਲੋਚਦੇ ਹਨ। ਪੁਲਾੜ ਤਕਨੀਕ, ਖੋਜ ਤੇ ਵਿਕਾਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ 60 ਕਰੋੜ ਗ਼ਰੀਬਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸਮਰਪਣ ਭਾਵਨਾ ਨਾਲ ਲੱਗੇ ਹੋਏ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਲੰਘੇ 9 ਵਰਿ੍ਹਆਂ ਦੌਰਾਨ ਤਿੰਨ ਕਰੋੜ ਅਵਾਮ ਨੂੰ ਆਪਣੇ ਘਰ ਹਾਸਿਲ ਹੋਏ, ਚਾਰ ਕਰੋੜ ਲੋਕਾਂ ਨੂੰ ਬਿਜਲੀ ਕੁਨੈਕਸ਼ਨ ਮਿਲੇ, 10 ਕਰੋੜ ਲੋਕਾਂ ਨੂੰ ਗੈਸ ਸਿਲੰਡਰ, 12 ਕਰੋੜ ਲੋਕਾਂ ਨੂੰ ਪਖਾਨੇ, 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲਿਆ ਤੇ 60 ਕਰੋੜ ਲੋਕਾਂ ਨੂੰ ਪੰਜ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ਼ਰੀਬ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਲਿਆਉਣ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਮੇਰੇ ਹਲਕੇ (ਗਾਂਧੀ ਨਗਰ, ਗੁਜਰਾਤ) ਵਿਚ 1.5 ਲੱਖ ਤੋਂ ਵੱਧ ਲੋਕਾਂ ਨੇ ਪੀਐੱਮ ਸਵੈਨਿਧੀ ਯੋਜਨਾ ਦਾ ਲਾਹਾ ਲਿਆ ਹੈ। ਇਸ ਦੇ ਤਹਿਤ ਬਿਨਾਂ ਕਿਸੇ ਗਰੰਟੀ ਤੋਂ ਛੋਟੇ ਵਪਾਰ ਤੇ ਹੱਥ-ਗੱਡੀਆਂ ਚਲਾਉਣ ਵਾਲਿਆਂ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ।