ਭਾਜਪਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਅਸੀਂ ਨਫ਼ਰਤ ਵਿਰੁੱਧ ਭਾਰਤ ਨੂੰ ਇਕਜੁੱਟ ਕਰਨ ਦੀ ਲੜਾਈ ਨੂੰ ਜਿੱਤਾਂਗੇ : ਰਾਹੁਲ ਗਾਂਧੀ 

ਨਵੀਂ ਦਿੱਲੀ, 01 ਸਤੰਬਰ 2024 : ਮਹਾਰਾਸ਼ਟਰ ਦੀ ਧੂਲੇ ਐਕਸਪ੍ਰੈਸ ਟਰੇਨ 'ਚ ਬੀਫ ਦੇ ਸ਼ੱਕ 'ਚ 72 ਸਾਲਾ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਵੀਡੀਓ 'ਚ ਨਜ਼ਰ ਆ ਰਹੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮ ਹੋ ਗਈ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਸ ਬਜ਼ੁਰਗ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਭਾਜਪਾ 'ਤੇ ਨਫ਼ਰਤ ਫੈਲਾਉਣ ਅਤੇ ਖੁੱਲ੍ਹੀ ਹਿੰਸਾ ਦਾ ਦੋਸ਼ ਵੀ ਲਾਇਆ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਨਫ਼ਰਤ ਨੂੰ ਸਿਆਸੀ ਹਥਿਆਰ ਬਣਾ ਕੇ ਸੱਤਾ ਦੀ ਪੌੜੀ 'ਤੇ ਚੜ੍ਹਨ ਵਾਲੇ ਲੋਕ ਲਗਾਤਾਰ ਦੇਸ਼ ਭਰ 'ਚ ਡਰ ਦਾ ਰਾਜ ਕਾਇਮ ਕਰ ਰਹੇ ਹਨ। ਇਨ੍ਹਾਂ ਬਦਮਾਸ਼ਾਂ ਨੂੰ ਭਾਜਪਾ ਸਰਕਾਰ ਤੋਂ ਖੁੱਲ੍ਹਾ ਹੱਥ ਮਿਲ ਗਿਆ ਹੈ, ਜਿਸ ਕਾਰਨ ਇਹ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ 'ਤੇ ਲਗਾਤਾਰ ਹਮਲੇ ਕਰ ਰਹੇ ਹਨ ਅਤੇ ਸਰਕਾਰੀ ਤੰਤਰ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ, "ਅਜਿਹੇ ਅਰਾਜਕਤਾਵਾਦੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਕਾਨੂੰਨ ਦਾ ਰਾਜ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਭਾਰਤ ਦੀ ਫਿਰਕੂ ਏਕਤਾ ਅਤੇ ਭਾਰਤੀਆਂ ਦੇ ਅਧਿਕਾਰਾਂ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਸੰਵਿਧਾਨ 'ਤੇ ਹਮਲਾ ਹੈ, ਜਿਸ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ। ਭਾਜਪਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਅਸੀਂ ਨਫ਼ਰਤ ਵਿਰੁੱਧ ਭਾਰਤ ਨੂੰ ਇਕਜੁੱਟ ਕਰਨ ਦੀ ਇਸ ਇਤਿਹਾਸਕ ਲੜਾਈ ਨੂੰ ਜਿੱਤਾਂਗੇ।" ਰੇਲਵੇ ਪੁਲਸ ਨੇ ਦੱਸਿਆ ਕਿ ਮੁੰਬਈ ਦੇ ਨਾਲ ਲੱਗਦੇ ਠਾਣੇ ਜ਼ਿਲੇ ਦੇ ਕਲਿਆਣ ਅਤੇ ਇਗਤਪੁਰੀ ਸਟੇਸ਼ਨਾਂ ਵਿਚਾਲੇ ਬੀਫ ਰੱਖਣ ਦੇ ਸ਼ੱਕ 'ਚ ਕਈ ਲੋਕਾਂ ਨੇ ਇਕ ਬਜ਼ੁਰਗ ਵਿਅਕਤੀ (ਹਾਜੀ ਅਸ਼ਰਫ ਮੁਨਿਆਰ) ਦੀ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ।