ਨਾਗਪੁਰ, 1 ਦਸੰਬਰ 2024 : ਸੰਘ ਮੁਖੀ ਡਾ. ਮੋਹਨ ਭਾਗਵਤ ਨੇ ਨਾਗਪੁਰ 'ਚ ਇਕ ਪ੍ਰੋਗਰਾਮ ਦੌਰਾਨ ਇਸ ਗੱਲ ਦੀ ਵਕਾਲਤ ਕੀਤੀ ਕਿ ਇਕ ਪਰਿਵਾਰ 'ਚ ਘੱਟੋ-ਘੱਟ ਤਿੰਨ ਬੱਚੇ ਹੋਣੇ ਚਾਹੀਦੇ ਹਨ। ਇਸਦੇ ਲਈ ਉਨ੍ਹਾਂ ਲੋਕਸੰਖਿਆ ਸ਼ਾਸਤਰ ਦਾ ਹਵਾਲਾ ਦਿੱਤਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਸੰਘ ਮੁਖੀ ਨੇ ਕਿਹਾ, 'ਜਨਸੰਖਿਆ 'ਚ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਆਧੁਨਿਕ ਆਬਾਦੀ ਵਿਗਿਆਨ ਕਹਿੰਦਾ ਹੈ ਕਿ ਜਦੋਂ ਕਿਸੇ ਸਮਾਜ ਦੀ ਆਬਾਦੀ (ਪ੍ਰਜਣਨ ਦਰ) 2.1 ਤੋਂ ਘੱਟ ਜਾਂਦੀ ਹੈ, ਤਾਂ ਉਹ ਸਮਾਜ ਧਰਤੀ ਤੋਂ ਅਲੋਪ ਹੋ ਜਾਂਦਾ ਹੈ। ਇਸ ਤਰ੍ਹਾਂ ਕਈ ਭਾਸ਼ਾਵਾਂ ਅਤੇ ਸਮਾਜ ਤਬਾਹ ਹੋ ਗਏ। ਜਨਸੰਖਿਆ 2.1 ਤੋਂ ਘੱਟ ਨਹੀਂ ਹੋਣੀ ਚਾਹੀਦੀ। ਸਾਡੇ ਦੇਸ਼ ਦੀ ਆਬਾਦੀ ਨੀਤੀ 1998 ਜਾਂ 2002 'ਚ ਤੈਅ ਕੀਤੀ ਗਈ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਸਮਾਜ ਦੀ ਆਬਾਦੀ 2.1 ਤੋਂ ਘੱਟ ਨਹੀਂ ਹੋਣੀ ਚਾਹੀਦੀ। ਸਾਨੂੰ ਦੋ ਜਾਂ ਤਿੰਨ ਤੋਂ ਵੱਧ ਦੀ ਲੋੜ ਹੈ ਇਹ ਗਿਣਤੀ ਮਹੱਤਵਪੂਰਨ ਹੈ ਕਿਉਂਕਿ ਸਮਾਜ ਨੂੰ ਜੀਵਤ ਰਹਿਣਾ ਚਾਹੀਦਾ ਹੈ। ਸੰਘ ਮੁਖੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਦੇਸ਼ 'ਚ ਆਬਾਦੀ ਕਾਨੂੰਨ ਲਿਆਉਣ ਦੀ ਮੰਗ ਉੱਠ ਰਹੀ ਹੈ। ਨਾਲ ਹੀ, ਹਾਲ ਹੀ 'ਚ ਭਾਰਤ ਨੇ ਆਬਾਦੀ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਸੰਘ ਮੁਖੀ ਦੇ ਇਸ ਬਿਆਨ ਨੇ ਇਕ ਵਾਰ ਫਿਰ ਦੇਸ਼ ਵਿਚ ਬਹਿਸ ਛੇੜ ਦਿੱਤੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਭਾਰਤ 'ਚ ਪਹਿਲਾਂ ਹੀ ਆਬਾਦੀ ਵਿਸਫੋਟ ਹੋ ਚੁੱਕਾ ਹੈ। ਅਜਿਹੀ ਸਥਿਤੀ 'ਚ ਜ਼ਿਆਦਾ ਬੱਚੇ ਠੀਕ ਨਹੀਂ। ਇਸ ਦੇ ਨਾਲ ਹੀ ਹਿੰਦੂਆਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਭਾਰਤ 'ਚ ਮੁਸਲਮਾਨਾਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ, ਜਦਕਿ ਹਿੰਦੂ ਘੱਟ ਬੱਚੇ ਪੈਦਾ ਕਰ ਰਹੇ ਹਨ। ਇਸ ਤਰ੍ਹਾਂ ਹਿੰਦੂਆਂ ਖ਼ਤਰੇ 'ਚ ਹਨਅਤੇ ਉਨ੍ਹਾਂ ਨੂੰ ਹੋਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਹੁਣ ਦੇਖਣਾ ਇਹ ਹੈ ਕਿ ਸੰਘ ਮੁਖੀ ਦੇ ਬਿਆਨ 'ਤੇ ਕਾਂਗਰਸ ਦੇ ਨਾਲ-ਨਾਲ ਅਸਦੁਦੀਨ ਓਵੈਸੀ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ। ਭਾਜਪਾ 'ਚ ਵੀ ਕਈ ਅਜਿਹੇ ਆਗੂ ਹਨ ਜੋ ਹਿੰਦੂਆਂ ਦੀ ਆਬਾਦੀ ਵਧਾਉਣ ਦੀ ਖੁੱਲ੍ਹ ਕੇ ਵਕਾਲਤ ਕਰਦੇ ਹਨ।