ਨਵੀਂ ਦਿੱਲੀ : ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ ਚੁੱਕਿਆ। ਰਾਜ ਸਭਾ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਸ੍ਰੀ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਤਾਂ ਸਾਰੀ ਦੁਨੀਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੰਗ 'ਚ ਰੰਗ ਗਈ ਸੀ। ਰਾਘਵ ਚੱਢਾ ਨੇ ਰਾਜਸਭਾ ਵਿੱਚ ਕਿਹਾ ਕਿ ਹਰ ਬੱਚਾ ਅਤੇ ਬਜ਼ੁਰਗ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਤਿੰਨ ਸਮੱਸਿਆਵਾਂ ਹਰ ਸ਼ਰਧਾਲੂ ਨੂੰ ਝੱਲਣੀਆਂ ਪੈ ਰਹੀਆਂ ਹਨ।ਪਹਿਲੀ ਸਮੱਸਿਆ ਹੈ, ਪਾਸਪੋਰਟ, ਤੁਹਾਡੇ ਕੋਲ ਪਾਸਪੋਰਟ ਹੋਣਾ ਜ਼ਰੂਰੀ ਹੈ, ਜੇ ਪਾਸਪੋਰਟ ਨਹੀਂ ਹੈ ਤਾਂ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ। ਭਾਰਤ ਸਰਕਾਰ ਪਾਕਿਸਤਾਨ ਦੀ ਸਰਕਾਰ ਸਾਹਮਣੇ ਇਹ ਮੁੱਦਾ ਚੁੱਕੇ। ਦੂਜੀ ਸਮੱਸਿਆ ਇਹ ਹੈ ਕਿ ਹਰ ਸ਼ਰਧਾਲੂ ਨੂੰ 20 ਡਾਲਰ ਫ਼ੀਸ ਦੇਣੀ ਪੈਂਦੀ ਹੈ। ਇੱਕ ਸ਼ਰਧਾਲੂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ 1600 ਰੁਪਏ ਦੇਣੇ ਪੈਂਦੇ ਹਨ। ਜੇ ਪਰਿਵਾਰ ਦੇ 5 ਮੈਂਬਰ ਹਰ ਸਾਲ ਜਾਣਾ ਚਾਹੁੰਦੇ ਹਨ ਤਾਂ ਸਾਲ ਦਾ ਹਰ ਇੱਕ ਪਰਿਵਾਰ ਦਾ 8 ਹਜ਼ਾਰ ਰੁਪਏ ਖ਼ਰਚਾ ਹੋਵੇਗਾ। ਜਿਸ ਨੂੰ ਬੰਦ ਕੀਤਾ ਜਾਵੇ ਤਾਂ ਜੋ ਉਹ ਆਰਾਮ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾ ਸਕੇ। ਆਖ਼ਰੀ ਸਮੱਸਿਆ ਹੈ ਆਨਲਾਈਨ ਰਜਿਸਟਰੇਸ਼ਨ ਦੀ ਜਿਸ ਨੂੰ ਸੌਖਾ ਬਣਾਇਆ ਜਾਵੇ ਤਾਂ ਜੋ ਗੁਰੂ ਅਤੇ ਸੰਗਤ ਵਿਚਾਲੇ ਦੂਰੀਆਂ ਘੱਟ ਕੀਤੀਆਂ ਜਾ ਸਕਣ। ਜ਼ਿਕਰਯੋਗ ਹੈ ਕਿ ਬੀਤੇ ਲੰਮੇ ਸਮੇਂ ਤੋਂ ਸ੍ਰੀ ਕਾਰਤਾਰਪੁਰ ਸਾਹਿਬ ਦਾ ਲਾਂਘਾ ਸ਼ਰਧਾਲੂਆਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੀ ਸੰਗਤ ਇਸ ਲਾਂਘੇ ਨੂੰ ਖੁਲ੍ਹਵਾਉਣ ਦੇ ਲਈ ਕਈ ਵਾਰ ਗੁਹਾਰ ਲਗਾਾ ਚੁੱਕੀ ਹੈ, ਪਰ ਸੰਗਤ ਦੀ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ। ਹੁਣ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਹ ਮੁੱਦਾ ਰਾਜ ਸਭਾ ਦੇ ਵਿੱਚ ਚੁੱਕਿਆ ਹੈ।