ਅਰੁਣਾਚਲ ਪ੍ਰਦੇਸ਼ 'ਚ ਆਪਰੇਸ਼ਨ ਦੌਰਾਨ ਫੌਜ ਦਾ ਟਰੱਕ ਖਾਈ 'ਚ ਡਿੱਗਿਆ, ਤਿੰਨ ਜਵਾਨਾਂ ਦੀ ਮੌਤ

ਬਾੜਮੇਰ, 28 ਅਗਸਤ 2024 : ਅਰੁਣਾਚਲ ਪ੍ਰਦੇਸ਼ 'ਚ ਫੌਜ ਦੇ ਟਰੱਕ ਨਾਲ ਭਿਆਨਕ ਹਾਦਸਾ ਵਾਪਰ ਗਿਆ। ਆਪ੍ਰੇਸ਼ਨ ਅਲਰਟ ਦੌਰਾਨ ਫੌਜ ਦਾ ਇਕ ਟਰੱਕ ਖਾਈ 'ਚ ਡਿੱਗ ਗਿਆ, ਜਿਸ ਕਾਰਨ ਤਿੰਨ ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਟਰਾਂਸ ਅਰੁਣਾਚਲ ਹਾਈਵੇਅ 'ਤੇ ਤਾਪੀ ਪਿੰਡ ਨੇੜੇ 27 ਅਗਸਤ ਨੂੰ ਵਾਪਰਿਆ ਸੀ। ਮ੍ਰਿਤਕਾਂ ਦੀ ਪਛਾਣ ਨਛੱਤਰ ਸਿੰਘ (34), ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਵਜੋਂ ਹੋਈ ਹੈ। ਇਹ ਹਾਦਸਾ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਤੋਂ ਕਰੀਬ 145 ਕਿਲੋਮੀਟਰ ਦੂਰ ਮੰਗਲਵਾਰ ਨੂੰ ਵਾਪਰਿਆ। ਨਛੱਤਰ ਸਿੰਘ 2010 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਚਚੇਰੇ ਭਰਾ ਮਹਿੰਦਰ ਨੇ ਦੱਸਿਆ ਕਿ ਨਛੱਤਰ ਸਿੰਘ 19 ਗ੍ਰੇਨੇਡੀਅਰ ਯੂਨਿਟ ਵਿੱਚ ਤਾਇਨਾਤ ਸੀ। ਇਹ ਯੂਨਿਟ 2 ਸਾਲ ਤੋਂ ਵੱਧ ਸਮੇਂ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਸੀ। ਨਛੱਤਰ ਦੇ ਪਿਤਾ ਦਾ ਕਰੀਬ 5 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਭਰਾ ਖੇਤੀ ਕਰਦਾ ਹੈ। ਪਤਨੀ ਵਿਜੇ ਲਕਸ਼ਮੀ (31) ਘਰੇਲੂ ਔਰਤ ਹੈ। ਉਨ੍ਹਾਂ ਦੇ 2 ਬੱਚੇ ਹਨ। ਬੇਟਾ ਸ਼ੌਰਿਆ 7 ਸਾਲ ਦਾ ਅਤੇ ਬੇਟੀ ਨਿਕੂ 3 ਸਾਲ ਦੀ ਹੈ। ਨਛੱਤਰ ਸਿੰਘ ਦਾ ਵਿਆਹ ਸਾਲ 2015 ਵਿੱਚ ਹੋਇਆ ਸੀ।