ਸਿੱਕਮ 'ਚ ਵੱਡਾ ਸੜਕ ਹਾਦਸਾ, 800 ਫੁੱਟ ਹੇਠਾਂ ਟੋਏ 'ਚ ਡਿੱਗੀ ਗੱਡੀ, 4 ਜਵਾਨਾਂ ਦੀ ਮੌਤ

ਸਿੱਕਮ, 5 ਸਤੰਬਰ 2024 : ਸਿੱਕਮ ਦੇ ਪਾਕਯੋਂਗ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਗੱਡੀ ਡੂੰਘੀ ਖਾਈ 'ਚ ਡਿੱਗ ਗਈ ਸੀ। ਇਹ ਹਾਦਸਾ ਵੀਰਵਾਰ ਨੂੰ ਵਾਪਰਿਆ। ਜਾਣਕਾਰੀ ਮੁਤਾਬਕ ਫੌਜ ਦੀ ਗੱਡੀ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿਲਕ ਰੂਟ 'ਤੇ ਸਿੱਕਮ ਦੇ ਜੁਲੁਕ ਜਾ ਰਹੀ ਸੀ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸਾਰੇ ਮ੍ਰਿਤਕ ਪੱਛਮੀ ਬੰਗਾਲ ਦੇ ਬਿਨਾਗੁੜੀ ਵਿਚ ਇਕ ਯੂਨਿਟ ਨਾਲ ਸਬੰਧਤ ਸਨ। ਮ੍ਰਿਤਕਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਡਰਾਈਵਰ ਪ੍ਰਦੀਪ ਪਟੇਲ, ਮਣੀਪੁਰ ਦੇ ਕਾਰੀਗਰ ਡਬਲਯੂ ਪੀਟਰ, ਹਰਿਆਣਾ ਦੇ ਨਾਇਕ ਗੁਰਸੇਵ ਸਿੰਘ ਅਤੇ ਤਾਮਿਲਨਾਡੂ ਦੇ ਸੂਬੇਦਾਰ ਕੇ ਥੰਗਾਪਾਂਡੀ ਵਜੋਂ ਹੋਈ ਹੈ। ਸਾਰੇ ਮ੍ਰਿਤਕ ਫੌਜੀ ਪੱਛਮੀ ਬੰਗਾਲ ਦੇ ਬੀਨਾਗੁੜੀ ਸਥਿਤ ਇਕ ਯੂਨਿਟ ਨਾਲ ਸਬੰਧਤ ਸਨ।