
- ਪੰਜਾਬ ਪੁਲਿਸ ਵੱਲੋਂ ਸੰਪਰਕ ਪ੍ਰੋਗਰਾਮ ਤਹਿਤ ਜਿਲੇ ਦੇ ਪਤਵੰਤਿਆਂ ਨਾਲ ਬੈਠਕ
ਜਲਾਲਾਬਾਦ, 25 ਮਾਰਚ 2025 : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪੰਜਾਬ ਪੁਲਿਸ ਵੱਲੋਂ ਜਲਾਲਾਬਾਦ ਦੇ ਪਿੰਡ ਗੁਮਾਨੀ ਵਾਲਾ ਵਿਖੇ ਜਿਲੇ ਭਰ ਦੇ ਵੱਖ-ਵੱਖ ਖੇਤਰਾਂ ਦੇ ਪਤਵੰਤਿਆਂ ਨਾਲ ਸੰਪਰਕ ਪ੍ਰੋਗਰਾਮ ਦੇ ਤਹਿਤ ਬੈਠਕ ਕੀਤੀ ਗਈ, ਜਿਸ ਵਿੱਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸ੍ਰੀ ਸਵਪਨ ਸ਼ਰਮਾ ਆਈਪੀਐਸ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਬੋਲਦਿਆਂ ਡੀਆਈਜੀ ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਪਬਲਿਕ ਬੈਠਕ ਰੱਖਣ ਦਾ ਉਦੇਸ਼ ਹੈ ਕਿ ਇਸ ਮੁਹਿੰਮ ਵਿੱਚ ਲੋਕ ਰਾਏ ਨੂੰ ਸੁਣਿਆ ਜਾਵੇ ਅਤੇ ਲੋਕਾਂ ਦੇ ਫੀਡਬੈਕ ਦੇ ਆਧਾਰ ਤੇ ਇਸ ਮੁਹਿੰਮ ਨੂੰ ਹੋਰ ਵੀ ਤਿੱਖਾ ਕੀਤਾ ਜਾ ਸਕੇ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਿੱਥੇ ਕੋਈ ਵੀ ਵਿਅਕਤੀ ਨਸ਼ੇ ਤਸਕਰਾਂ ਸਬੰਧੀ ਸੂਚਨਾ ਦੇ ਸਕਦਾ ਹੈ ਇਹ ਨੰਬਰ 9779100200 ਹੈ। ਉਹਨਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਉਸ ਨੂੰ ਤਸਦੀਕ ਕਰਨ ਅਤੇ ਲੋੜੀਂਦੇ ਸਬੂਤ ਜਟਾਉਣ ਲਈ ਕੁਝ ਸਮਾਂ ਜਰੂਰ ਲੱਗ ਸਕਦਾ ਹੈ ਪਰ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਰਵਾਈ ਹਰ ਹਾਲ ਹੋਵੇਗੀ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਪੂਰੇ ਸਮਾਜ ਦੀ ਮੁਹਿੰਮ ਹੈ ਅਤੇ ਸਾਰੇ ਸਮਾਜ ਦਾ ਸਹਿਯੋਗ ਜਰੂਰੀ ਹੈ । ਉਹਨਾਂ ਨੇ ਕਿਹਾ ਕਿ ਕੋਈ ਵੀ ਸਮਾਜਿਕ ਬੁਰਾਈ ਪੂਰਾ ਸਮਾਜ ਮਿਲ ਕੇ ਹੀ ਖਤਮ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਲੋਕ ਇਸ ਮੁਹਿੰਮ ਵਿੱਚ ਇੱਕ ਕਦਮ ਚੱਲਣਗੇ ਤਾਂ ਪੁਲਿਸ 10 ਕਦਮ ਚੱਲੇਗੀ। ਡੀਆਈਜੀ ਨੇ ਕਿਹਾ ਕਿ ਹਰੇਕ ਪਿੰਡ ਵਿੱਚ ਪਿੰਡ ਸੁਰੱਖਿਆ ਕਮੇਟੀ ਬਣੀ ਹੋਈ ਹੈ ਅਤੇ ਇਹਨਾਂ ਕਮੇਟੀਆਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੂਰੀ ਚੌਕਸੀ ਰੱਖੀ ਜਾ ਸਕੇ । ਉਨਾਂ ਨੇ ਇਸ ਮੌਕੇ ਪਤਵੰਤਿਆਂ ਨੂੰ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੀ ਵੀ ਲਗਾਤਾਰ ਕੌਂਸਲਿੰਗ ਕਰਦੇ ਰਹਿਣਾ ਚਾਹੀਦਾ ਹੈ ਅਤੇ ਬੱਚਿਆਂ ਨਾਲ ਨਿੱਘਾ ਰਿਸ਼ਤਾ ਰੱਖਦੇ ਹੋਏ ਉਹਨਾਂ ਨੂੰ ਨਸ਼ੇ ਦੀਆਂ ਮਾੜੀਆਂ ਅਲਾਮਤਾਂ ਤੋਂ ਹਮੇਸ਼ਾ ਸੁਚੇਤ ਰੱਖਣਾ ਚਾਹੀਦਾ ਹੈ। ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਸਖਤ ਉਪਰਾਲੇ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ । ਉਹਨਾਂ ਨੇ ਕਿਹਾ ਕਿ ਸਮੇਂ ਸਮੇਂ ਤੇ ਵੱਖ-ਵੱਖ ਆਪਰੇਸ਼ਨ ਜਿਵੇਂ ਕਾਸੋ ਆਪਰੇਸ਼ਨ ਜਾਂ ਸੀਲ ਆਪਰੇਸ਼ਨ ਆਦਿ ਚਲਾ ਕੇ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਪੰਜਾਬ ਪੁਲਿਸ ਦੇ ਇਸ ਮੁਹਿੰਮ ਦਾ ਸਾਥ ਦੇਣਗੇ ਅਤੇ ਮਾੜੇ ਅਨਸਰਾਂ ਦੀ ਸੂਚਨਾ ਪੁਲਿਸ ਨੂੰ ਦੇਣਗੇ। ਇਸ ਮੌਕੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ, ਬਾਰ ਐਸੋਸੀਏਸ਼ਨ ਫਾਜ਼ਿਲਕਾ ਤੋਂ ਪ੍ਰਧਾਨ ਸੁਤੰਤਰ ਜੋਤ ਸਿੰਘ, ਅਬੋਹਰ ਤੋਂ ਪ੍ਰਧਾਨ ਐਡਵੋਕੇਟ ਪ੍ਰਕਾਸ਼ ਸਿੰਘ ਬਰਾੜ, ਜਲਾਲਾਬਾਦ ਤੋਂ ਪ੍ਰਧਾਨ ਐਡਵੋਕੇਟ ਅਸ਼ੋਕ ਕੰਬੋਜ, ਸੋਨੂ ਧਮੀਜਾ, ਸੁਖਵਿੰਦਰ ਕੰਬੋਜ, ਰਜੀਵ ਰਹੇਜਾ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਪੁਲਿਸ ਦੇ ਉਪਰਾਲਿਆਂ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ। ਇਸ ਬੈਠਕ ਵਿੱਚ ਵੱਖ-ਵੱਖ ਯੂਨੀਅਨਾਂ, ਸਮਾਜਿਕ ਸੰਗਠਨਾਂ, ਸਰਪੰਚਾਂ ਅਤੇ ਹੋਰ ਵਰਗਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਮੌਕੇ ਐਸਪੀ ਪ੍ਰਦੀਪ ਸਿੰਘ ਸੰਧੂ, ਡੀਐਸਪੀ ਬਲਕਾਰ ਸਿੰਘ ਅਤੇ ਜਤਿੰਦਰ ਸਿੰਘ ਦੀ ਹਾਜ਼ਰ ਸੀ। ਬਾਅਦ ਵਿਚ ਡੀਆਈਜੀ ਸ੍ਰੀ ਸਵਪਨ ਸ਼ਰਮਾ ਵੱਲੋਂ ਥਾਣਾ ਸਿਟੀ ਜਲਾਲਾਬਾਦ ਦਾ ਨੀਰਿਖਣ ਵੀ ਕੀਤਾ ਗਿਆ।