
- ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਿਧਾਨ ਸਭਾ ਵਿੱਚ ਚੁੱਕਿਆ ਮਸਲਾ
ਜਲਾਲਾਬਾਦ, 25 ਮਾਰਚ 2025 : ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਅਰਨੀਵਾਲਾ ਜੈਲ ਦੇ ਮੂਲਿਆਂਵਾਲੀ ਮਾਈਨਰ ਦੇ ਕਿਸਾਨਾਂ ਦਾ ਮੁੱਦਾ ਸਵਾਲ ਦੇ ਰੂਪ ਵਿੱਚ ਉਠਾਇਆ। ਜਿਸ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਰਕਾਰ ਵੱਲੋਂ ਮੂਲਿਆਂਵਾਲੀ ਮਾਈਨਰ ਦੇ ਨਿਰਮਾਣ ਵਾਧੇ ਸਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਇਸ ਸਬੰਧੀ ਸਾਰੇ ਲੋੜੀਂਦੇ ਸਰਵੇ ਕਰਕੇ ਰਿਪੋਰਟ ਦੇਵੇਗੀ। ਕੈਬਨਿਟ ਮੰਤਰੀ ਨੇ ਸਦਨ ਵਿੱਚ ਭਰੋਸਾ ਦਿੱਤਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੂਲਿਆਂਵਾਲੀ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਨੂੰ ਸਿੰਚਾਈ ਲਈ ਭਰਪੂਰ ਨਹਿਰੀ ਪਾਣੀ ਮਿਲੇ ਅਤੇ ਇਸ ਲਈ ਪੱਕੀ ਵਿਵਸਥਾ ਕੀਤੀ ਜਾਵੇਗੀ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਹੈ। ਜਿਕਰ ਯੋਗ ਹੈ ਕਿ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿਛਲੇ ਦਿਨਾਂ ਵਿੱਚ ਜਲਾਲਾਬਾਦ ਹਲਕੇ ਵਿੱਚ ਹੀ ਇੱਕ ਸੁਹੇਲੇ ਵਾਲਾ ਮਾਈਨਰ ਦਾ ਉਦਘਾਟਨ ਕੀਤਾ ਸੀ । ਇਹ ਪ੍ਰੋਜੈਕਟ ਪਿਛਲੇ 40 ਸਾਲਾਂ ਤੋਂ ਲਟਕਿਆ ਪਿਆ ਸੀ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਪ੍ਰੋਜੈਕਟ ਪੂਰਾ ਕੀਤਾ ਹੈ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਰਨੀਵਾਲਾ ਖੇਤਰ ਦੇ 29 ਪਿੰਡਾਂ ਵਿੱਚ ਸੇਮ ਦੇ ਖਾਤਮੇ ਲਈ 27.74 ਕਰੋੜ ਰੁਪਏ ਦਾ ਪ੍ਰੋਜੈਕਟ ਵੀ ਪ੍ਰਵਾਨ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਹੋਵੇਗੀ। ਇਸ ਨਾਲ ਇਲਾਕੇ ਦੀ 5000 ਹੈਕਟੇਅਰ ਤੋਂ ਜਿਆਦਾ ਵਾਹੀਯੋਗ ਜਮੀਨ ਵਿੱਚੋਂ ਸੇਮ ਖਤਮ ਕੀਤੀ ਜਾਵੇਗੀ।