ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1.56 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ

  • ਅੰਮ੍ਰਿਤਸਰ ਦੀਆਂ ਛੋਟੀਆਂ ਤਹਿਸੀਲਾਂ ਲਈ 20 ਲੱਖ ਅਤੇ ਵੱਡੀਆਂ ਤਹਿਸੀਲਾਂ ਲਈ ਖਰਚੇ ਜਾਣਗੇ 30 ਲੱਖ ਰੁਪਏ

ਅੰਮ੍ਰਿਤਸਰ, 15 ਮਾਰਚ : ਯੋਜਨਾਬੰਦੀ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਸਾਲ 2023-24 ਦੌਰਾਨ ਰਾਜ ਦੇ ਸਮੂਹ ਜਿਲ੍ਹਿਆਂ ਨੂੰ ਸਰਕਾਰ ਤੁਹਾਡੇ ਦੁਆਰ ਮਹਿੰਮ ਤਹਿਤ ਲੋਕਾਂ ਦੀਆਂ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਨਾਲ ਵੱਖ ਵੱਖ ਕੰਮਾਂ ਸਬੰਧੀ ਸਿ਼ਕਾਇਤਾਂ ਦੇ ਨਿਪਟਾਰੇ ਲਈ ਜਿਲ੍ਹਾ ਅੰਮ੍ਰਿਤਸਰ ਨੂੰ 155.29 ਲੱਖ ਰੁਪਏ ਜਿਲੇ੍ਹ ਦੀਆਂ 6 ਤਹਿਸੀਲਾਂ ਵਿੱਚ ਵਿਕਾਸ ਦੇ ਕੰਮਾਂ ਲਈ ਦਿੱਤੇ ਗਏ ਸਨ ਜਿੰਨਾਂ ਦੀ ਪ੍ਰਵਾਨਗੀ ਅੱਜ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੱਸਿਆ ਕਿ ਜਿਲੇ੍ਹ ਦੀਆਂ 6 ਤਹਿਸੀਲਾਂ ਅੰਮ੍ਰਿਸਤਰ-1, ਅੰਮ੍ਰਿਸਤਰ-2, ਅਜਨਾਲਾ ਅਤੇ ਬਾਬਾ ਬਕਾਲਾ ਲਈ 30-30 ਲੱਖ ਰੁਪਏ , ਲੋਪੋਕੇ ਅਤੇ ਮਜੀਠਾ ਲਈ ਤਕਰੀਬਨ 17.5-17.5 ਲੱਖ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਤਹਿਸੀਲਾਂ ਵੱਲੋਂ ਪ੍ਰਾਪਤ ਹੋਈਆਂ ਤਜਵੀਜਾਂ ਅਨੁਸਾਰ ਤਹਿਸੀਲ ਮਜੀਠਾ ਵਿੱਚ ਲਿੰਕ ਸੜਕ ਅੰਮ੍ਰਿਤਸਰ-ਮਜੀਠਾ ਰੋਡ ਤੋਂ ਨੰਗਲ ਪਨੂੰਆਂ, ਲਿੰਕ ਸੜਕ ਕੋਟਲਾ ਤਰਖਾਣਾ ਦੀ ਮੁਰੰਮਤ ਲਈ 19.33 ਲੱਖ ਰੁਪਏ, ਤਹਿਸੀਲ ਲੋਪੋਕੇ ਵਿੱਚ ਪਿੰਡ ਚੱਕ ਮਿਸ਼ਰੀ ਖਾਨ, ਪਿੰਡ ਟਾਲਾਂ, ਭੰਗਵਾ ਤੇ ਡਿਸਪੋਜਲ ਸਿਸਟਮ, ਪਿੰਡ ਛੰਨਾ ਵਿਖੇ ਸ਼ਮਸ਼ਾਨਘਾਟ ਵਿੱਚ ਬੈਂਚ ਅਤੇ ਸ਼ੈਲਟਰ ਬਣਾਉਣ ਸਬੰਧੀ, ਮਿਆਦੀਕਲਾਂ ਵਿਖੇ ਸੀਵਰੇਜ ਸਿਸਟਮ ਤੇ ਗੰਦੇ ਪਾਣੀ ਦੇ ਨਿਕਾਸ ਲਈ 17.64 ਲੱਖ ਰੁਪਏ, ਤਹਿਸੀਲ ਅਜਨਾਲਾ ਵਿਖੇ ਹੈਲਥ ਵੈਲਨੈਸ ਸੈਂਟਰ ਥੋਬਾ ਅਤੇ ਪਿੰਡ ਸਹਿਸਰਾ ਕਲਾਂ ਵਿਖੇ ਸਰਕਾਰੀ ਪਾਣੀ ਦੀ ਸਪਲਾਈ, ਗੌ:ਐ:ਸਕੂਲ ਕਮਾਲਪੁਰਾ, ਤਲਵੰਡੀ ਰਾਏ, ਲੱਖੂਵਾਲ, ਭਲਾ ਪਿੰਡ, ਭੋਏਵਾਲੀ, ਰਿਆੜ, ਹਰੜ ਖੁਰਦ ਅਤੇ ਹਰੜ ਕਲਾਂ ਵਿਖੇ ਸਮਰਸੀਬਲ ਲਗਾਉਣ ਲਈ 33.79 ਲੱਖ ਰੁਪਏ, ਤਹਿਸੀਲ ਅੰਮ੍ਰਿਤਸਰ-2 ਵਿਖੇ ਪਿੰਡ ਘੁਮਾਣਪੁਰਾ, ਬਲਾਕ ਵੇਰਕਾ ਵਿਖੇ ਸੋਲਰ ਲਾਈਟਾਂ, ਪਿੰਡ ਭੈਣੀ ਵਿਖੇ ਸੋਲਰ ਲਾਈਟਾ, ਗੁਰੂਵਾਲੀ ਵਿਖੇ ਗਲੀਆਂ ਅਤੇ ਨਾਲੀਆਂ ਦੀ ਉਸਾਰੀ ਲਈ 32.91 ਲੱਖ ਰੁਪਏ ਅਤੇ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਭਲਾਈਪੁਰ, ਵਡਾਲਾਖੁਰਦ, ਸੁਧਾਰ ਰਾਜਪੂਤਾਂ, ਕਲੇਰ ਘੁਮਾਣ, ਟੌਂਗ, ਬੁੱਢਾ ਥੇਹ, ਬਿਆਸ, ਬੱਲ ਸਰਾਏ ਵਿਖੇ ਸਟਰੀਟ ਲਾਈਟਾਂ ਲਗਾਉਣ ਲਈ 30.54 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੇ ਗਈ ਹੈ। ਉਨ੍ਹਾਂ  ਦੱਸਿਆ ਕਿ ਤਹਿਸੀਲ ਅੰਮ੍ਰਿਤਸਰ-1 ਦੀ ਤਜਵੀਜ ਪ੍ਰਾਪਤ ਨਹੀਂ ਹੋਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।