
- ਸ਼ਰਾਬ ਚੋਰੀ ਦੀ ਵਾਰਦਾਤ ਦੌਰਾਨ ਵਰਤਿਆ ਟੈਂਪੋ (ਛੋਟਾ ਹਾਥੀ) ਵੀ ਬਰਾਮਦ
ਮਹਿਲ ਕਲਾਂ, 28 ਫਰਵਰੀ (ਭੁਪਿੰਦਰ ਸਿੰਘ ਧਨੇਰ) : ਮਹਿਲ ਕਲਾਂ ਪੁਲਿਸ ਸਬ-ਡਿਵੀਜ਼ਨ ਨੇ ਅਪਰਾਧਿਕ ਗਤੀਵਿਧੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਉਪ ਕਪਤਾਨ ਪੁਲਿਸ ਸੁਬੇਗ ਸਿੰਘ ਦੀ ਅਗਵਾਈ ਹੇਠ, ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਸ਼ਰਾਬ ਚੋਰੀ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਜਗਜੀਤ ਸਿੰਘ ਪੁੱਤਰ ਪਰਮਜੀਤ ਸਿੰਘ (ਵਾਸੀ ਰਾਏਸਰ, ਪੰਜਾਬ), ਧਰਮਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ, ਅਤੇ ਗੁਰਪ੍ਰੀਤ ਸਿੰਘ ਬੱਟਾ ਪੁੱਤਰ ਸੁਖਦੇਵ ਸਿੰਘ (ਵਾਸੀ ਰਾਏਸਰ, ਪਟਿਆਲਾ) ਸ਼ਾਮਲ ਹਨ। 20-21 ਫਰਵਰੀ ਦੀ ਰਾਤ ਨੂੰ ਪਿੰਡ ਰਾਏਸਰ (ਬਰਨਾਲਾ) ਵਿੱਚ ਸਥਿਤ ਇੱਕ ਸ਼ਰਾਬ ਦੇ ਠੇਕੇ 'ਤੇ ਚੋਰੀ ਦੀ ਵਾਰਦਾਤ ਹੋਈ ਸੀ। ਇਸ ਸਬੰਧੀ, ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਰਾਏਸਰ-ਨਾਈਵਾਲਾ ਲਿੰਕ ਰੋਡ 'ਤੇ ਉਕਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੋਸ਼ੀਆਂ ਕੋਲੋਂ 9 ਪੇਟੀਆਂ ਅੰਗਰੇਜ਼ੀ ਸ਼ਰਾਬ, 10 ਬੋਤਲਾਂ, 20 ਅਧੀਏ, 48 ਪਊਏ, ਇੱਕ ਕਾਰ, ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਟੈਂਪੋ (ਛੋਟਾ ਹਾਥੀ) ਬਰਾਮਦ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਵਿੱਚ ਤਫਤੀਸ਼ੀ ਅਫਸਰ ਏ.ਐਸ.ਆਈ. ਜੱਗਾ ਸਿੰਘ, ਹੌਲਦਾਰ ਅਜੇ ਕੁਮਾਰ, ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ, ਅਤੇ ਪੀਐਚ.ਜੀ. ਲਖਬੀਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਮਹਿਲ ਕਲਾਂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਪੁਲਿਸ ਵੱਲੋਂ ਮੁਸਤਹਿਕ ਗਸ਼ਤ ਜਾਰੀ ਹੈ। ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਗਤੀਵਿਧੀ ਜਾਂ ਸਮਾਜ ਵਿਰੋਧੀ ਤੱਤਾਂ ਬਾਰੇ ਜਾਣਕਾਰੀ ਮਿਲੇ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ, "ਕਾਨੂੰਨ-ਵਿਵਸਥਾ ਦੀ ਰੱਖਿਆ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਮਹਿਲ ਕਲਾਂ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ, ਅਸੀਂ ਕਿਸੇ ਵੀ ਅਪਰਾਧੀ ਤੱਤ ਨੂੰ ਬਖ਼ਸ਼ਣ ਵਾਲੇ ਨਹੀਂ ਹਾਂ।" ਉਨ੍ਹਾਂ ਹੋਰ ਕਿਹਾ ਕਿ ਪੁਲਿਸ ਅਤੇ ਪਬਲਿਕ ਦੇ ਸਹਿਯੋਗ ਨਾਲ ਅਪਰਾਧ 'ਤੇ ਰੋਕ ਲਗਾਈ ਜਾ ਸਕਦੀ ਹੈ। ਗੈਰਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ, ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਅਪਰਾਧ ਨੂੰ ਸ਼ੁਰੂਆਤ 'ਚ ਹੀ ਰੋਕਿਆ ਜਾ ਸਕਦਾ ਹੈ।