ਫਾਜਿ਼ਲਕਾ, 21 ਅਗਸਤ : ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਲਗਾਤਾਰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਜਿੱਥੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਉਥੇ ਹੀ ਫਾਜਿਲ਼ਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੀ ਲਗਾਤਾਰ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ 6389 ਕਿਉਂਟਲ ਹਰਾ ਚਾਰਾ, 2661 ਬੈਗ ਕੈਟਲ ਫੀਡ, 4612 ਤਰਪਾਲਾਂ, 9412 ਰਾਸ਼ਨ ਕਿੱਟਾਂ, 250 ਕਿਉਂਟਲ ਮੱਕੀ ਦਾ ਅਚਾਰ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ੋ ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ ਉਨ੍ਹਾਂ ਨੂੰ ਪੱਕਿਆ ਹੋਇਆ ਭੋਜਨ ਵੀ ਮੁਹਈਆ ਕਰਵਾਇਆ ਜਾ ਰਿਹਾ ਹੈ ਜਦੋ ਕਿ ਜ਼ੋ ਲੋਕ ਪਿੰਡਾਂ ਵਿਚ ਹੀ ਹਨ ਉਨ੍ਹਾਂ ਲਈ ਰਾਸ਼ਨ ਕਿੱਟਾਂ ਵੀ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦੇ ਹੀ ਪਿੰਡਾਂ ਵਿਚ ਜਾਨਵਰਾਂ ਲਈ ਕੈਟਲ ਫੀਡ ਭੇਜ਼ ਦਿੱਤੀ ਗਈ ਸੀ ਅਤੇ ਤਰਪਾਲਾਂ ਆਦਿ ਦੀ ਵੰਡ ਕਰ ਦਿੱਤੀ ਗਈ ਸੀ। ਜਦ ਕਿ ਹੁਣ ਵੀ ਮੰਗ ਅਨੁਸਾਰ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੱਛਲੇ 24 ਘੰਟਿਆਂ ਵਿਚ 256 ਕੁਇੰਟਲ ਹਰਾ ਚਾਰਾ, 450 ਬੈਗ ਕੈਟਲ ਫੀਡ, 470 ਤਰਪਾਲਾਂ ਅਤੇ 300 ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹਸਤਾਂ ਕਲਾਂ ਵਿਚ ਬਣੇ ਰਾਹਤ ਕੈਂਪ ਵਿਚ ਪਹੁੰਚੇ ਲੋਕਾਂ ਦੇ ਨੂੰ ਜਿੱਥੇ ਖਾਣਾ ਦਿੱਤਾ ਜਾ ਰਿਹਾ ਹੈ ਉਥੇ ਹੀ ਜਾਨਵਰਾਂ ਲਈ ਸੁੱਕੀ ਪਸ਼ੂ ਖੁਰਾਕ ਅਤੇ ਹਰਾ ਚਾਰਾ ਵੀ ਇੱਥੇ ਭੇਜਿਆ ਗਿਆ ਹੈ। ਇਸਤੋਂ ਬਿਨ੍ਹਾਂ ਦੂਜ਼ੇ ਰਾਹਤ ਕੇਂਦਰਾਂ ਵਿਚ ਵੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।