ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 65ਵੀਆਂ ਸਾਲਾਨਾ ਖੇਡਾਂ ਸੰਪੰਨ

ਬਰਨਾਲਾ 1 ਮਾਰਚ (ਭੁਪਿੰਦਰ ਸਿੰਘ ਧਨੇਰ) : ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਦੋ ਰੋਜ਼ਾ 65ਵੀਆਂ ਸਾਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਇਸ ਖੇਡ ਮੇਲੇ ਵਿਚ ਸੰਸਥਾ ਦੇ ਸਾਰੇ ਕਾਲਜਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਸਮਾਪਤੀ ਸਮਾਰੋਹ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਜਿਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਡਾ. ਅਨੀਸ਼ ਪ੍ਰਕਾਸ਼ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਮਾਜ ਕਲਿਆਣ ਦੇ ਕੰਮਾਂ ਵਿੱਚ ਪਾਏ ਯੋਗਦਾਨ ਨੂੰ ਸ਼ਿੱਦਤ ਨਾਲ ਯਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਅਨੀਸ਼ ਪ੍ਰਕਾਸ਼ ਦੇ ਪਿਤਾ ਜੀ ਡਾ. ਰਘੂਵੀਰ ਪ੍ਰਕਾਸ਼ ਬਰਨਾਲੇ ਦੇ ਪਹਿਲੇ ਐੱਮਬੀਬੀਐੱਸ ਡਾਕਟਰ ਸਨ, ਜਿਨ੍ਹਾਂ ਨੇ ਇਲਾਕੇ ਨੂੰ ਐੱਸ. ਡੀ. ਕਾਲਜ ਵਰਗੀ ਮਹਾਨ ਸੰਸਥਾ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਖੇਡ ਮੈਦਾਨ ਅਤੇ ਜੀਵਨ ਵਿੱਚ ਹਮੇਸ਼ਾ ਹੌਸਲੇ ਬੁਲੰਦ ਰੱਖਣ ਦੀ ਸਲਾਹ ਦਿੱਤੀ। ਪਿੰ੍ਰਸੀਪਲ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹਿੰਦਿਆਂ ਕਿਹਾ ਕਿ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਅਸ਼ੀਰਵਾਦ ਸਦਕਾ ਕਾਲਜ ਖੇਡਾਂ ਸਮੇਤ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਸਾਰੀਆਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ਼, ਅਤੇ ਖਾਸ ਤੌਰ ਤੇ ਖੇਡ ਵਿਭਾਗ ਦੇ ਅਧਿਆਪਕਾਂ ਡਾ. ਬਹਾਦਰ ਸਿੰਘ, ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਅਤੇ ਪ੍ਰੋ. ਜਸਵਿੰਦਰ ਕੌਰ ਦੀ ਇਸ ਖੇਡ ਮੇਲੇ ਨੂੰ ਹਰ ਤਰ੍ਹਾਂ ਦੇ ਹਾਲਾਤ ਵਿੱਚ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਾਰੀਫ਼ ਕੀਤੀ। ਇਸ ਮੌਕੇ ਡੀ. ਫ਼ਾਰਮੇਸੀ ਦੇ ਵਿਦਿਆਰਥੀਆਂ ਵੱਲੋਂ ਯੋਗਾ ਦਾ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਮੁਕਾਬਲਿਆਂ ਵਿੱਚ ਐੱਸ. ਡੀ. ਡਿਗਰੀ ਕਾਲਜ ਦੀਆਂ ਲੜਕੀਆਂ ਦੇ ਵਰਗ ਚ ਸੁਖਦੀਪ ਕੌਰ ਅਤੇ ਰਮਨਪ੍ਰੀਤ ਕੌਰ ਨੂੰ ਸਾਂਝੇ ਤੌਰ ਤੇ ਸਭ ਤੋਂ ਵਧੀਆ ਖਿਡਾਰਨ ਐਲਾਨਿਆ ਗਿਆ। ਲੜਕਿਆਂ ਦੇ ਵਰਗ ਚ ਬਲਰਾਜ ਸਿੰਘ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਇਸੇ ਤਰ੍ਹਾਂ ਬੀ.ਐੱਡ ਕਾਲਜ ਵਿੱਚੋਂ ਬਲਜਿੰਦਰ ਕੌਰ (ਲੜਕੀਆਂ) ਅਤੇ ਰਾਜਵਿੰਦਰ ਸਿੰਘ (ਲੜਕਿਆਂ), ਸਕੂਲ ਵਿੱਚੋਂ ਹਰਮਨਪ੍ਰੀਤ ਕੌਰ (ਲੜਕੀਆਂ) ਅਤੇ ਲਵਕੁਸ਼ (ਲੜਕੇ) ਵਧੀਆ ਖਿਡਾਰੀ ਐਲਾਨੇ ਗਏ। ਬੀ. ਫਾਰਮੇਸੀ ਕਾਲਜ ਵਿੱਚੋਂ ਪਲਕ ਤਾਇਲ (ਲੜਕੀਆਂ) ਅਤੇ ਲਵਕਾਂਤ ਜਿੰਦਲ (ਲੜਕਿਆਂ) ਸਭ ਤੋਂ ਵਧੀਆ ਖਿਡਾਰੀ ਐਲਾਨੇ ਗਏ। ਜਦ ਕਿ ਐੱਸ. ਡੀ. ਕਾਲਜ ਆਫ ਫਾਰਮੇਸੀ (ਉਪਵੈਦ) ਵਿੱਚੋਂ ਮਨਪ੍ਰੀਤ ਕੌਰ ਨੂੰ ਲੜਕੀਆਂ ਅਤੇ ਹਰਮਨਪ੍ਰੀਤ ਸਿੰਘ ਲੜਕਿਆਂ ਦੇ ਵਰਗ ਚ ਸਭ ਤੋਂ ਵਧੀਆ ਖਿਡਾਰੀ ਘੋਸ਼ਿਤ ਕੀਤਾ ਗਿਆ। ਐੱਸ.ਡੀ. ਕਾਲਜ ਆਫ਼ ਡੀ. ਫਾਰਮੇਸੀ ਵਿੱਚੋਂ ਲਵਪ੍ਰੀਤ ਕੌਰ (ਲੜਕੀਆਂ) ਅਤੇ ਲਵਪ੍ਰੀਤ ਸਿੰਘ (ਲੜਕਿਆਂ) ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਸੰਸਥਾ ਦੇ ਰਾਸ਼ਟਰੀ, ਰਾਜ ਅਤੇ ਯੂਨੀਵਰਸਿਟੀ ਪੱਧਰ ਤੇ ਨਾਮਣਾ ਖੱਟਣ ਵਾਲੇ ਵਿਦਿਆਰਥੀ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਡਾਇਰੈਕਟਰ ਸ. ਹਰਦਿਆਲ ਸਿੰਘ ਅੱਤਰੀ, ਮੈਂਬਰ ਸ੍ਰੀ ਰਾਹੁਲ ਅੱਤਰੀ, ਮੈਂਬਰ ਡਾ. ਰਾਹੁਲ ਗਾਰਗੀ, ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ, ਪ੍ਰਿੰਸੀਪਲ ਡਾ. ਵਿਜੈ ਕੁਮਾਰ ਬਾਂਸਲ, ਪ੍ਰਿੰਸੀਪਲ ਡਾ. ਮੀਨਾ ਗਰਗ, ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ, ਸਮੁੱਚਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ। ਸਮਾਪਨ ਸਮਾਰੋਹ ਸਮੇਂ ਪ੍ਰੋ. ਸੀਮਾ ਸ਼ਰਮਾ ਨੇ ਬਹੁਤ ਖ਼ੂਬਸੂਰਤੀ ਨਾਲ ਸਟੇਜ ਸੰਚਾਲਨ ਕੀਤਾ।