- ਸਿਹਤ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈਕੇ ਪਿੰਡ ਮੰਡੌਰ 'ਚ ਜਨ ਸੁਵਿਧਾ ਕੈਂਪ ਮੌਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਪਟਿਆਲਾ, 25 ਜੂਨ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਸਰਕਾਰ ਤੁਹਾਡੇ ਦੁਆਰ' ਦੀ ਨਿਵੇਕਲੀ ਪਹਿਲਕਦਮੀ ਕਰਦਿਆਂ ਜਨ ਸੁਵਿਧਾ ਕੈਂਪਾਂ ਰਾਹੀਂ ਜਮੀਨੀ ਪੱਧਰ 'ਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਹਨ।'' ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਸਿਹਤ ਮੰਤਰੀ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠਲੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਨੂੰ ਨਾਲ ਲੈਕੇ ਨਾਭਾ ਰੋਡ 'ਤੇ ਸਥਿਤ ਪਿੰਡ ਮੰਡੌਰ ਵਿਖੇ ਪੁੱਜੇ ਅਤੇ ਜਨ ਸੁਵਿਧਾ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ। ਡਾ. ਬਲਬੀਰ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਰੱਖੀਆਂ ਮੰਗਾਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਦਾ ਵਾਅਦਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਮੰਡੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਦਾ ਦਰਜਾ ਪਹਿਲਾਂ ਦੇ ਦਿੱਤਾ ਹੈ ਅਤੇ ਹੁਣ ਇੱਥੋਂ ਦੀ ਡਿਸਪੈਂਸਰੀ ਨੂੰ ਆਮ ਆਦਮੀ ਕਲੀਨਿਕ ਬਣਾ ਕੇ ਪਿੰਡ ਵਾਸੀਆਂ ਦੇ ਸਾਰੇ ਟੈਸਟ ਮੁਫ਼ਤ ਕਰਕੇ ਦਵਾਈਆਂ ਤੇ ਇਲਾਜ ਵੀ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਸ਼ੁਰੂ ਕੀਤੇ ਗਏ 560 ਆਮ ਆਦਮੀ ਕਲੀਨਿਕਾਂ ਦਾ 90 ਫੀਸਦੀ ਵੱਸੋਂ ਲਾਭ ਲੈ ਰਹੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਖੇਤਾਂ ਨਾਲ ਲੱਗਦੇ ਰਸਤੇ ਛੱਡਣ, ਕਿਉਂ ਜੋ ਜ਼ਿਲ੍ਹਾ ਪ੍ਰਸ਼ਾਸਨ ਮਿਣਤੀ ਕਰਵਾ ਕੇ ਰਸਤੇ ਖਾਲੀ ਕਰਵਾ ਰਿਹਾ ਹੈ ਤੇ ਖਾਲੀ ਥਾਵਾਂ 'ਤੇ ਬੂਟੇ ਲਗਾਏ ਜਾਣ ਤਾਂ ਕਿ ਸਾਡਾ ਵਾਤਾਵਰਣ ਸ਼ੁੱਧ ਹੋ ਸਕੇ, ਕਿਉਂਕਿ ਖਰਾਬ ਹਵਾ ਕੈਂਸਰ ਤੇ ਹੋਰ ਬਿਮਾਰੀਆਂ ਦਾ ਵੀ ਕਾਰਨ ਬਣਦੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਿੰਡ ਮੰਡੌਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ 'ਚ ਮਾਡਲ ਗਊਸ਼ਾਲਾ ਬਣਾਉਣ ਲਈ ਮਤਾ ਪਾਸ ਕਰਨ ਤਾਂ ਕਿ ਇਸ ਪਿੰਡ ਨੂੰ ਮਾਡਲ ਬਣਾ ਕੇ ਹੋਰਨਾਂ ਪਿੰਡਾਂ 'ਚ ਵੀ ਅਜਿਹੀਆਂ ਸਾਂਝੀਆਂ ਗਊਸ਼ਾਲਾਵਾਂ ਬਣਾਈਆਂ ਜਾਣ। ਡਿਪਟੀ ਕਮਿਸ਼ਨਰ ਨੇ ਪਿੰਡ ਦੀ ਪੰਚਾਇਤੀ ਜਮੀਨ 'ਤੇ ਨਗ਼ਦੀ ਫ਼ਸਲਾਂ ਅਤੇ ਫ਼ਲਦਾਰ ਬੂਟੇ ਉਗਾ ਕੇ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਪਿੰਡ ਵਿੱਚ ਹੀ ਲਗਾਉਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਗਜੀਤ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਕਰਨਲ ਜੇ.ਵੀ. ਸਿੰਘ, ਐਡਵੋਕੇਟ ਰਾਹੁਲ ਸੈਣੀ, ਡੀ.ਐਸ.ਪੀ. ਨਾਭਾ ਦਵਿੰਦਰ ਅੱਤਰੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਜ਼ਿਲ੍ਹਾ ਪ੍ਰੀਸ਼ਦ ਦੇ ਸਕੱਤਰ ਪਰਮਜੀਤ ਸਿੰਘ, ਆਪ ਆਗੂ ਚਰਨਜੀਤ ਸਿੰਘ ਐਸ.ਕੇ., ਗੁਰਸੇਵਕ ਸਿੰਘ, ਭਾਟੀਆ, ਚਮਕੌਰ ਸਿੰਘ, ਸਤਵਿੰਦਰ ਸਿੰਘ, ਸਰਪੰਚ ਜਸਪਾਲ ਸਿੰਘ, ਦੀਪਕ ਮਿੱਤਲ, ਦਵਿੰਦਰ ਕੌਰ, ਗੁਰਚਰਨ ਸਿੰਘ ਰੁਪਾਣਾ, ਸੰਤੋਖ ਸਿੰਘ ਸਮੇਤ ਪਿੰਡ ਵਾਸੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ, ਜਿਨ੍ਹਾਂ ਨੇ ਜਨ ਸੁਵਿਧਾ ਕੈਂਪ ਦੌਰਾਨ ਮੌਕੇ 'ਤੇ ਹੀ ਲੋਕਾਂ ਨੂੰ ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ।