ਪੰਜਾਬ ਸਰਕਾਰ ਸੂਬੇ ਦੇ ਮੌਜੂਦਾ ਨਹਿਰੀ ਪਾਣੀ ਸਿੰਚਾਈ ਪ੍ਰਣਾਲੀ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਹੈ : ਕੈਬਨਿਟ ਮੰਤਰੀ ਅਰੋੜਾ

  • ਅਮਨ ਅਰੋੜਾ ਵੱਲੋਂ ਸੁਨਾਮ ਦੇ ਤਿੰਨ ਪਿੰਡਾਂ ਵਿੱਚ ਨਹਿਰੀ ਪਾਣੀ ਪਾਈਪਲਾਈਨ ਪ੍ਰੋਜੈਕਟਾਂ ਦੀ ਕਰਵਾਈ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ, 24 ਅਪ੍ਰੈਲ, 2025 : ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡਾਂ ਵਿੱਚ 4.69 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ਦੀਆਂ ਪਾਈਪਲਾਈਨਾਂ ਵਿਛਾਉਣ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਬਖਸ਼ੀਵਾਲਾ ਵਿਖੇ 1.72 ਕਰੋੜ ਰੁਪਏ ਵਾਲੇ ਅਤੇ ਘਾਸੀਵਾਲਾ ਵਿੱਚ 1.71 ਕਰੋੜ ਰੁਪਏ ਦੇ ਅਤੇ ਚੌਵਾਸ ਪਿੰਡ ਵਿੱਚ 1.26 ਕਰੋੜ ਰੁਪਏ ਦੀ ਲਾਗਤ ਵਾਲੇ ਪਾਈਪਲਾਈਨ ਪਾਉਣ ਵਾਲੇ ਪ੍ਰੋਜੈਕਟਾਂ ਦੀ ਨੀਂਹ ਰੱਖੀ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਦੇ ਵੱਧ ਤੋਂ ਵੱਧ ਖੇਤਰ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਸੂਬੇ ਦੇ ਮੌਜੂਦਾ ਨਹਿਰੀ ਪਾਣੀ ਸਿੰਚਾਈ ਪ੍ਰਣਾਲੀ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲਿਆਂ ਕੀਤੀ ਗਈ ਟਿਕਾਊ ਸਿੰਚਾਈ ਪ੍ਰਣਾਲੀ ਨੂੰ ਹੁਣ ਮੌਜੂਦਾ ਸਰਕਾਰ ਵੱਲੋਂ ਮੁੜ-ਸੁਰਜੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ, ਪੰਜਾਬ ਵਿੱਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ ਕਿਉਂਕਿ ਟਿਊਬਵੈੱਲ ਆਪਣੀ ਰੀਚਾਰਜ ਸਮਰਥਾ ਨਾਲੋਂ ਵੱਧ ਭੂਮੀਗਤ ਪਾਣੀ ਕੱਢ ਰਹੇ ਸਨ। ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਸੂਬਾ ਜਲਦ ਹੀ ਮਾਰੂਥਲ ਵਿੱਚ ਤਬਦੀਲ ਹੋ ਸਕਦਾ ਹੈ, ਇਸ ਲਈ ਸੂਬਾ ਸਰਕਾਰ ਨੇ ਨਹਿਰੀ ਪਾਣੀ ਨਾਲ ਸਿੰਚਾਈ ਪ੍ਰਣਾਲੀ ਦੇ ਸੁਰਜੀਤੀਕਰਨ ਸਬੰਧੀ ਕਾਰਜ ਸ਼ੁਰੂ ਕਰ ਦਿੱਤੇ ਹਨ ਜੋ ਕਿ ਭੂਮੀਗਤ ਪਾਣੀ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ। ਸ੍ਰੀ ਅਮਨ ਅਰੋੜਾ ਨੇ ਅੱਗੇ ਦੱਸਿਆ ਕਿ ਮਾਨ ਸਰਕਾਰ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ, ਜੋ ਕਿ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾ ਕੇ, ਉਨ੍ਹਾਂ ਦੀ ਸਰਕਾਰ ਕਿਸਾਨਾਂ ਦਾ ਵਿੱਤੀ ਬੋਝ ਘਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹ ਟਿਊਬਵੈਲਾਂ ਦੇ ਮੁਕਾਬਲੇ ਸਿੰਚਾਈ ਦਾ ਸਭ ਤੋਂ ਕਿਫਾਇਤੀ ਤਰੀਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਹਿਰਾਂ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਹੈ ਜਿਸ ਨਾਲ ਦਹਾਕਿਆਂ ਬਾਅਦ ਨਹਿਰੀ ਪਾਣੀ ਦੀ ਟੇਲਾਂ ਤੱਕ ਪਹੁੰਚ ਯਕੀਨੀ ਬਣਾਈ ਗਈ ਹੈ। ਸੁਨਾਮ ਵਿਧਾਨ ਸਭਾ ਹਲਕੇ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਦੇ ਪ੍ਰੋਜੈਕਟਾਂ ਤੋਂ ਇਲਾਵਾ ਹਲਕੇ ਵਿੱਚ 75 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਸਿੰਚਾਈ ਪਾਈਪਲਾਈਨਾਂ ਪਹਿਲਾਂ ਹੀ ਵਿਛਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਹਰੇਕ ਸਥਿਤੀ ਵਿੱਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਿਸਾਨ ਭਾਈਚਾਰੇ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਐਸ.ਡੀ.ਐਮ. ਪ੍ਰਮੋਦ ਸਿੰਗਲਾ, ਚੀਫ ਭੂਮੀ ਰੱਖਿਆ ਮਹਿੰਦਰ ਸਿੰਘ, ਐਕਸੀਅਨ ਭੂਮੀ ਰੱਖਿਆ ਗੁਰਵਿੰਦਰ ਸਿੰਘ ਢਿੱਲੋਂ, ਬੀ.ਡੀ.ਪੀ.ਓ. ਸੰਜੀਵ ਕੁਮਾਰ, ਚੇਅਰਮੈਨ ਮੁਕੇਸ਼ ਜੁਨੇਜਾ, ਗੁਰਤੇਜ ਸਿੰਘ ਬਖਸ਼ੀਵਾਲ, ਗੁਰਚਰਨ ਸਿੰਘ ਸਰਪੰਚ ਚੌਵਾਸ, ਪ੍ਰੀਤਮ ਸਿੰਘ ਸਰਪੰਚ ਘਾਸੀਵਾਲਾ, ਸੁਖਪਾਲ ਸਿੰਘ, ਰਾਜ ਸ਼ਰਮਾ, ਭਾਗ ਸਿੰਘ ਸਰਪੰਚ ਬਖਸ਼ੀਵਾਲਾ, ਮਨਪ੍ਰੀਤ ਬਾਂਸਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।