ਬਰਨਾਲਾ, 17 ਅਗਸਤ : ਬੀਤੇ ਕੱਲ੍ਹ ਨੇੜਲੇ ਪਿੰਡ ਸੇਖਾ ‘ਚ ਹੋਏ ਦੋਹਰੇ ਕਤਲ ਨੂੰ ਪੁਲਿਸ ਵੱਲੋਂ ਸੁਲਝਾਲਿਆ ਗਿਆ ਹੈ। ਪੁਲਿਸ ਅਨੁਸਾਰ ਇਹ ਕਤਲ ਰਾਜਦੀਪ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ ਦੇ ਨਾਮ ਵਾਲੀ 5 ਏਕੜ ਜਮੀਨ ਨੂੰ ਹੜੱਪਣਾ ਚਾਹੁੰਦਾ ਸੀ, ਤੇ ਉਸਦੀ ਸੱਸ ਹਰਬੰਸ ਕੌਰ ਇਸ ਗੱਲ ਦਾ ਵਿਰੋਧ ਕਰਦੀ ਸੀ, ਇਸ ਲਈ ਉਸਨੇ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸਐਚਓ ਕਰਨ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਹਰਬੰਸ ਕੌਰ ਅਤੇ ਪਰਮਜੀਤ ਕੌਰ ਦੇ ਕਤਲ ਮਾਮਲਾੇ 'ਚ ਕਥਿਤ ਦੋਸ਼ੀ ਰਾਜਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਜਦੀਪ ਸਿੰਘ ਉਸ ਦੀ ਚਾਚੀ ਹਰਬੰਸ ਕੌਰ ਅਤੇ ਉਸਦੀ ਲੜਕੀ ਪਰਮਜੀਤ ਕੌਰ ਨਾਲ ਰਹਿੰਦਾ ਸੀ। ਪਰਮਜੀਤ ਕੌਰ ਦਾ ਵਿਆਹ ਕੁਝ ਸਾਲ ਪਹਿਲਾਂ ਮੁਲਜ਼ਮ ਰਾਜਦੀਪ ਸਿੰਘ ਨਾਲ ਹੋਇਆ ਸੀ। ਪਰਮਜੀਤ ਦੇ ਨਾਂ ‘ਤੇ 5 ਏਕੜ ਜ਼ਮੀਨ ਸੀ, ਜਿਸ ਨੂੰ ਉਹ ਹੜੱਪ ਕੇ ਵੇਚਣਾ ਚਾਹੁੰਦਾ ਸੀ। ਜਸਵਿੰਦਰ ਅਨੁਸਾਰ ਇਸ ਗੱਲ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਉਹ ਨਸ਼ਾ ਕਰ ਕੇ ਮਾਂ-ਧੀ ਦੋਵਾਂ ਦੀ ਕੁੱਟਮਾਰ ਕਰਦਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਉਹ ਖੁਦ ਜ਼ਖਮੀ ਹੈ, ਇਸ ਲਈ ਪੁਲਸ ਜਾਂਚ ਜਾਰੀ ਹੈ।