ਪੀ.ਏ.ਯੂ. ਦੇ ਪ੍ਰੋਫੈਸਰ ਨੂੰ ਪੋਸ਼ਣ ਬਾਰੇ ਕੌਮਾਂਤਰੀ ਕਾਨਫਰੰਸ ਵਿਚ ਵੱਕਾਰੀ ਪੁਰਸਕਾਰ ਮਿਲਿਆ

ਲੁਧਿਆਣਾ 27 ਫਰਵਰੀ, 2025 : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਪ੍ਰੋਫੈਸਰ ਡਾ. ਸੋਨਿਕਾ ਸ਼ਰਮਾ ਨੂੰ ਸਾਲ 2024-25 ਲਈ ਆਈ ਏ ਪੀ ਈ ਐੱਨ ਇੰਡੀਆ ਐਕਸੀਲੈਂਸ ਐਵਾਰਡ ਪੋਸ਼ਣ ਦੇ ਖੇਤਰ ਵਿਚ ਅਕਾਦਮਿਕ ਪ੍ਰਾਪਤੀਆਂ ਲਈ ਪ੍ਰਦਾਨ ਕੀਤਾ ਗਿਆ| ਇਹ ਐਵਾਰਡ ਪੋਸ਼ਣ ਬਾਰੇ ਭਾਰਤੀ ਐਸੋਸੀਏਸ਼ਨ ਵੱਲੋਂ ਇਸ ਖੇਤਰ ਵਿਚ ਯੋਗਦਾਨ ਦੇਣ ਵਾਲੇ ਅਕਾਦਮਿਕ ਕਰਮੀਆਂ ਨੂੰ ਖੋਜ ਅਤੇ ਜਨ ਸਿਹਤ ਲਈ ਪਾਏ ਯੋਗਦਾਨ ਵਾਸਤੇ ਦਿੱਤਾ ਜਾਂਦਾ ਹੈ| ਵਾਰਾਨਸੀ ਵਿਖੇ ਬੀਤੇ ਦਿਨੀਂ ਪੋਸ਼ਣ ਸੰਬੰਧੀ ਹੋਈ ਕੌਮਾਂਤਰੀ ਕਾਨਫਰੰਸ ਵਿਚ ਡਾ. ਸੋਨਿਕਾ ਸ਼ਰਮਾ ਨੂੰ ਇਸ ਪੁਰਸਕਾਰ ਨਾਲ ਨਿਵਾਜ਼ਿਆ ਗਿਆ| ਜ਼ਿਕਰਯੋਗ ਹੈ ਕਿ ਉਹਨਾਂ ਨੇ ਆਪਣੇ ਅਕਾਦਮਿਕ ਸਫਰ ਦੌਰਾਨ ਪੋਸ਼ਣ ਦੇ ਖੇਤਰ ਵਿਚ ਨਵੀਆਂ ਖੋਜਾਂ ਅਤੇ ਨਵੇਂ ਅਕਾਦਮਿਕ ਰੁਝਾਨਾਂ ਨੂੰ ਅਧਾਰ ਬਣਾ ਕੇ ਕਾਰਜ ਕੀਤਾ| ਉਹਨਾਂ ਨੇ ਫੰਕਸ਼ਨਲ ਭੋਜਨ ਦੇ ਵਿਕਾਸ ਦੇ ਖੇਤਰ ਵਿਚ ਬਹੁਤ ਸਾਰਾ ਕੰਮ ਕੀਤਾ| ਭੋਜਨ ਸੁਰੱਖਿਆ ਅਤੇ ਕਲੀਨੀਕਲ ਪੋਸ਼ਣ ਦੇ ਨਾਲ-ਨਾਲ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਵਾਲੀਆਂ ਕਈ ਤਕਨਾਲੋਜੀਆਂ ਦਾ ਵਿਕਾਸ ਵੀ ਉਹਨਾਂ ਕੀਤਾ ਜਿਨ੍ਹਾਂ ਵਿਚ ਖੁੰਬਾਂ ਦਾ ਪਾਊਡਰ, ਮਾਈਕ੍ਰੋਗਰੀਨਜ਼ ਅਤੇ ਕੱਦੂਆਂ ਦੇ ਬੀਜਾਂ ਦਾ ਆਟਾ ਸ਼ਾਮਿਲ ਹੈ| ਇਸੇ ਕਾਨਫਰੰਸ ਵਿਚ ਉਹਨਾਂ ਨੂੰ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਵੀ ਪ੍ਰਦਾਨ ਕੀਤਾ ਗਿਆ| ਇਹ ਪੇਪਰ ਡੀ ਐੱਮ ਸੀ ਲੁਧਿਆਣਾ ਨਾਲ ਸਾਂਝੀ ਖੋਜ ਵਜੋਂ ਲਿਖਿਆ ਗਿਆ ਸੀ| ਇਸ ਦੇ ਸਹਿ ਲੇਖਕ ਡਾ. ਸ਼ਵੇਤਾ ਬੱਤਾ, ਡਾ. ਅਜੀਤ ਸੂਦ, ਡਾ. ਚੰਦਨ ਕੱਕੜ ਡੀ ਐੱਮ ਸੀ ਤੋਂ ਅਤੇ ਪੀ.ਏ.ਯੂ. ਤੋਂ ਡਾ. ਖੁਸ਼ਦੀਪ ਧਰਨੀ ਅਤੇ ਪਲਵੀ ਸਹਿਗਲ ਸਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਡਾ. ਸੋਨਿਕਾ ਸ਼ਰਮਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|