
ਲੁਧਿਆਣਾ 27 ਫਰਵਰੀ, 2025 : ਪੀ.ਏ.ਯੂ. ਵਿਚ ਕੀਟ ਵਿਗਿਆਨ ਵਿਭਾਗ ਵੱਲੋਂ ਖੇਤੀ ਕੀਟ ਵਿਗਿਆਨ ਬਾਰੇ ਜਾਰੀ ਨੈੱਟਵਰਕ ਪ੍ਰੋਜੈਕਟ ਤਹਿਤ ਸੱਤ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ| ਇਸ ਪ੍ਰੋਗਰਾਮ ਦਾ ਉਦੇਸ਼ ਖੇਤੀ ਲਈ ਅਹਿਮ ਮਾਈਟਸ ਦੀ ਪਛਾਣ ਅਤੇ ਉਹਨਾਂ ਦਾ ਪ੍ਰਬੰਧਨ ਕਰਨ ਲਈ ਲੋੜੀਂਦੀ ਜਾਗਰੂਕਤਾ ਦਾ ਪਸਾਰ ਕਰਨਾ ਸੀ| ਇਸ ਸਿਖਲਾਈ ਪੋ੍ਰਗਰਾਮ ਦੇ ਕੁਆਰਡੀਨੇਟਰ ਡਾ. ਮਨਮੀਤ ਬਰਾੜ ਭੁੱਲਰ ਅਤੇ ਸਹਿ ਕੁਆਰਡੀਨੇਟਰ ਡਾ. ਪਰਮਜੀਤ ਕੌਰ ਸਨ| ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੀ.ਏ.ਯੂ. ਤੋਂ 6 ਸਿਖਿਆਰਥੀਆਂ ਨੇ ਇਸ ਸਿਖਲਾਈ ਪ੍ਰੋਗਰਾਮ ਵਿਚ ਭਾਗ ਲਿਆ|ਡਾ. ਮਨਮੀਤ ਬਰਾੜ ਭੁੱਲਰ ਨੇ ਖੇਤੀ ਲਈ ਜ਼ਰੂਰੀ ਮਾਈਟਸ ਦੀ ਪਛਾਣ ਦੇ ਜ਼ਰੂਰੀ ਨੁਕਤਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਦੱਸਿਆ ਕਿ ਇਹਨਾਂ ਮਾਈਟਸ ਦੀ ਪਛਾਣ ਕਰਕੇ ਹੀ ਅਸੀਂ ਬਾਗਬਾਨੀ ਫਸਲਾਂ ਲਈ ਲਾਭਕਾਰੀ ਮਾਈਟਸ ਤੋਂ ਜਾਣੂੰ ਹਾ ਸਕਦੇ ਹਾਂ ਅਤੇ ਨਾਲ ਹੀ ਇਹਨਾਂ ਦੇ ਕੁਦਰਤੀ ਦੁਸ਼ਮਣਾਂ ਨੂੰ ਵੀ ਪਛਾਣ ਸਕਦੇ ਹਾਂ| ਇਸਦੇ ਨਾਲ ਹੀ ਉਹਨਾਂ ਨੇ ਮਾਈਟਸ ਦੀ ਰੋਕਥਾਮ ਦੇ ਵਾਤਾਵਰਨ ਪੱਖੀ ਨੁਕਤਿਆਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ| ਡਾ. ਪਰਮਜੀਤ ਕੌਰ ਨੇ ਇਹਨਾਂ ਮਾਈਟਸ ਬਾਰੇ ਗੱਲ ਕਰਦਿਆਂ ਇਹਨਾਂ ਦੇ ਮੌਸਮੀ ਵਜੂਦ ਦੇ ਨਾਲ-ਨਾਲ ਨੁਕਸਾਨ ਦੇ ਲੱਛਣਾਂ ਬਾਰੇ ਚਾਨਣਾ ਪਾਇਆ| ਉਹਨਾਂ ਨੇ ਖੁੱਲੇ ਅਤੇ ਸੁਰੱਖਿਅਤ ਖੇਤੀ ਦੇ ਮਾਈਟਸ ਬਾਰੇ ਦੱਸਣ ਦੇ ਨਾਲ-ਨਾਲ ਇਸਦਾ ਵਿਹਾਰਕ ਪ੍ਰਦਰਸ਼ਨ ਵੀ ਕੀਤਾ| ਸਿਖਿਆਰਥੀਆਂ ਨੂੰ ਨੂਰਮਹਿਲ ਕੇਂਦਰ ਦੇ ਖੇਤਾਂ ਵਿਚ ਲਿਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਵਾਈ ਗਈ| ਇਸ ਦੌਰਾਨ ਉਹਨਾਂ ਨੇ ਜ਼ਰੂਰੀ ਸਵਾਲਾਂ ਬਾਰੇ ਕਿਸਾਨਾਂ ਦੇ ਵਿਚਾਰ ਜਾਣੇ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਅਜਿਹੇ ਲਾਭਕਾਰੀ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਲਈ ਕੀਟ ਵਿਗਿਆਨ ਵਿਭਾਗ ਦੀ ਪ੍ਰਸ਼ੰਸਾ ਕੀਤੀ|