ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਇੰਨ-ਬਿੰਨ ਕੀਤੀ ਜਾਵੇ ਪਾਲਣਾ :ਸਿਵਲ ਸਰਜਨ  ਡਾ ਦਵਿੰਦਰਜੀਤ ਕੌਰ

ਸ੍ਰੀ ਫਤਿਹਗੜ੍ਹ ਸਾਹਿਬ, 01 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਪੰਜਾਬ ਸਰਕਾਰ ਨਾਲ ਹੋਈ ਵਰਚੁਅਲ ਮੀਟਿੰਗ ਦੌਰਾਨ ਸੂਬਾ ਪੱਧਰ ਤੋਂ ਮਿਲੀਆਂ ਹਦਾਇਤਾਂ ਅਨੁਸਾਰ ਸਿਹਤ ਸਹੂਲਤਾਂ ਨੂੰ ਹੇਠਲੇ ਪੱਧਰ ਤੇ ਜਨ ਜਨ ਤੱਕ ਪਹੁੰਚਾਉਣ ਲਈ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਜ਼ਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਆਮ ਆਦਮੀ ਕਲੀਨਿਕਾਂ ਤੇ ਕੰਮ ਕਰਦੇ ਸਮੂਹ ਡਾਕਟਰਾਂ ਨਾਲ ਵੀਡੀਓ ਕਾਨਫਰੰਸ ਕੀਤੀ । ਉਹਨਾਂ ਸਮੂਹ ਅਧਿਕਾਰੀਆਂ ਨੂੰ ਸੂਬਾ ਪੱਧਰ ਤੋਂ ਮਿਲੀਆਂ ਹਦਾਇਤਾਂ ਸਬੰਧੀ ਵਿਸਥਾਰ ਸਹਿਤ ਜਾਣੂ ਕਰਵਾਇਆ ਅਤੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੀਆਂ ਹਿਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ । ਉਹਨਾਂ ਕਿਹਾ ਕਿ  ਇੰਡੀਅਨ ਪਬਲਿਕ ਹੈਲਥ ਸਟੈਂਡਰਡ ਦੇ ਮਾਪਦੰਡ ਅਨੁਸਾਰ ਜਿਲਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਈਆਂ ਜਾਣ। ਉਹਨਾਂ ਕਿਹਾ ਕਿ ਸਿਹਤ ਕੇਂਦਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ, ਸਾਜੋ ਸਮਾਨ ਅਤੇ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਲਈ ਲੋੜੀਂਦੀਆਂ ਸਹੂਲਤਾਂ ਸਬੰਧੀ ਸੂਬਾ ਪੱਧਰ ਅਤੇ ਜਿਲਾ ਪੱਧਰ ਤੇ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਹੈ, ਇਸ ਲਈ ਕਿਸੇ ਵੀ ਸਿਹਤ ਸੈਂਟਰ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ । ਉਹਨਾਂ ਹਿਦਾਇਤ ਕੀਤੀ ਕਿ ਸਮੂਹ ਅਧਿਕਾਰੀ/ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮ ਜਿਵੇਂ ਨਸ਼ਾ ਮੁਕਤੀ, ਨਾਨਕਮੂਨੀਕੇਬਲ ਡਿਜੀਜ, ਟੀਬੀ  ਕੰਟਰੋਲ ਆਦਿ ਨੂੰ ਵੀ ਸਹੀ ਤਰੀਕੇ ਨਾਲ ਚਲਾਉਣਾ ਯਕੀਨੀ ਬਣਾਉਣ। ਉਨਾਂ ਫਿਰ ਦੁਹਰਾਉਂਦਿਆਂ ਕਿਹਾ ਕਿ  ਸਾਰੇ ਸਿਹਤ ਸੈਂਟਰਾਂ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਨੂੰ ਕੋਈ ਵੀ ਦਵਾਈ ਬਾਹਰੋਂ ਨਾ ਲਿਖੀ ਜਾਵੇ ਸਾਰੀਆਂ ਦਵਾਈਆਂ ਅਤੇ ਲੈਬਾਰਟਰੀ ਟੈਸਟ ਅੰਦਰੋਂ ਹੀ ਉਪਲਬਧ ਕਰਵਾਏ ਜਾਣ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਸਪੈਸਲਿਸਟ ਡਾਕਟਰਾਂ ਅਤੇ ਜਨਰਲ ਮੈਡੀਕਲ ਅਫਸਰਾਂ ਦੀ  ਭਰਤੀ ਵੀ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਜ਼ਿਲ੍ਹੇ ਵਿੱਚ ਹੋਰ ਡਾਕਟਰ ਤਾਇਨਾਤ ਕੀਤੇ ਜਾਣਗੇ ਤਾਂ ਕਿ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਅਮਰੀਕ ਸਿੰਘ ਚੀਮਾ ,ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ , ਡੀਪੀਐਮ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ , ਗਗਨ ਥੰਮਣ ਆਦਿ ਹਾਜਰ ਸਨ।