- ਗਰੁੱਪ ਵਿਚ ਕੀਤੀ ਜਾਂਦੀ ਸਾਈਕਲ ਰਾਈਡ ਸਮਾਜ ਵਿਚ ਸਿਹਤ ਪ੍ਰਤੀ ਚੰਗਾ ਸੁਨੇਹਾ-ਡਿਪਟੀ ਕਮਿਸ਼ਨਰ
- ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੂੰ ਵੀ ਸਾਈਕਲ ਰਾਈਡ ਦਾ ਹਿੱਸਾ ਬਣਨ ਦੀ ਅਪੀਲ
ਮਾਨਸਾ, 29 ਅਗਸਤ : ਕੌਮਾਂਤਰੀ ਖੇਡ ਦਿਵਸ ਮੌਕੇ ਈਕੋ ਵਹੀਲਰ ਸਾਈਕਲ ਗਰੁੱਪ ਵੱਲੋਂ ਮਾਨਸਾ ਤਿੰਨ ਕੋਨੀ ਤੋਂ ਪਿੰਡ ਭਾਈ ਦੇਸਾ ਤੱਕ ਲਗਭਗ 30 ਕਿਲੋਮੀਟਰ ਸਾਈਕਲ ਰਾਈਡ ਲਗਾਈ ਗਈ, ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਲੱਬ ਦੇ ਕਰੀਬ 60 ਮੈਂਬਰਾਂ ਨਾਲ ਸਾਈਕਲ ਰਾਈਡ ਵਿਚ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਈਕਲਿੰਗ ਕਰਨਾ ਉਨ੍ਹਾਂ ਦਾ ਸ਼ੌਂਕ ਹੈ। ਸਾਈਕਲਿੰਗ ਕਰਨ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗੈਸ ਵਰਗੀਆਂ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਹੋਰ ਸਪੋਰਟਸ ਜਾਂ ਸਰੀਰਿਕ ਗਤੀਵਿਧੀਆਂ ਦੇ ਮੁਕਾਬਲੇ ਸਾਈਕਲਿੰਗ ਕਰਨ ਦੀ ਕੋਈ ਉਮਰ ਨਹੀਂ ਹੁੰਦੀ, ਕਿਸੇ ਵੀ ਉਮਰ ਵਰਗ ਦੇ ਲੋਕ ਸਾਈਕਲਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਗਰੁੱਪ ਵਿਚ ਸਾਈਕਲਿੰਗ ਕਰਨੀ ਤੁਹਾਨੂੰ ਸਮੇਂ ਦੇ ਪਾਬੰਦ ਬਣਾਉਂਦੀ ਹੈ ਅਤੇ ਉਤਸ਼ਾਹ ਪੈਦਾ ਕਰਦੀ ਹੈ। ਉਨ੍ਹਾਂ ਈਕੋ ਵਹੀਲਰ ਸਾਈਕਲ ਗਰੁੱਪ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮਾਜ ਵਿਚ ਬਹੁਤ ਵਧੀਆ ਸੁਨੇਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੜਕਿਆਂ ਦੇ ਨਾਲ ਨਾਲ ਲੜਕੀਆਂ ਨੂੰ ਵੀ ਸਾਈਕਲਿੰਗ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ ਸਿਹਤ ਪ੍ਰਤੀ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ। ਈਕੋ ਵਹੀਲਰ ਸਾਈਕਲ ਗਰੁੱਪ ਦੇ ਸਰਪ੍ਰਸਤ ਡਾ. ਜਨਕ ਰਾਜ ਨੇ ਦੱਸਿਆ ਕਿ ਗਰੁੱਪ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਮੈਂਬਰ ਗਰੁੱਪ ਨਾਲ ਜੁੜੇ ਹਨ ਅਤੇ ਅੱਗੇ ਵੀ ਆਸ ਕਰਦੇ ਹਾਂ ਕਿ ਸਾਡਾ ਗਰੁੱਪ ਸਮਾਜ ਵਿਚ ਇਕ ਚੰਗਾ ਸੁਨੇਹਾ ਫੈਲਾਅ ਕੇ ਹੋਰਨਾ ਲੋਕਾਂ ਨੂੰ ਵੀ ਨਾਲ ਜੋੜ ਕੇ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਅਹਿਮ ਰੋਲ ਅਦਾ ਕਰੇਗਾ। ਇਸ ਮੌਕੇ ਪ੍ਰਧਾਨ ਈਕੋ ਵਹੀਲਰ ਸ੍ਰ ਬਲਵਿੰਦਰ ਸਿੰਘ ਕਾਕਾ ਨੇ ਡਿਪਟੀ ਕਮਿਸ਼ਨਰ ਨੂੰ ਈਕੋ ਵਹੀਲਰ ਗਰੁੱਪ ਮੈਂਬਰਾਂ ਦੀਆਂ ਸਾਈਕਲ ਰਾਈਡ ਵਿਚ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਸੈਕਟਰੀ ਅਮਨ ਔਲਖ ਨੇ ਦੱਸਿਆ ਕਿ ਈਕੋ ਵਹੀਲਰ ਗਰੁੱਪ ਵੱਲੋਂ ਤਿੰਨ ਸਤੰਬਰ ਨੂੰ ਇਕ ਸਾਈਕਲ ਰੇਸ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਮਾਨਸਾ ਜ਼ਿਲ੍ਹੇ ਦਾ ਕੋਈ ਵੀ ਸਾਈਕਲਿਸਟ ਭਾਗ ਲੈ ਸਕਦਾ ਹੈ। ਇਸ ਮੌਕੇ ਆਪ ਆਗੂ ਗੁਰਪ੍ਰੀਤ ਸਿੰਘ ਭੁੱਚਰ, ਡਾ. ਅਨੁਰਾਗਰਥ, ਬਲਜੀਤ ਸਿੰਘ ਬਾਜਵਾ, ਹਰਜੀਤ ਸੱਗੂ, ਅਮ੍ਰਿਤਪਾਲ ਸ਼ਰਮਾ, ਨਰਿੰਦਰ ਗੁਪਤਾ ਸਮੇਤ ਈਕੋ ਵਹੀਲਰ ਗਰੁੱਪ ਦੇ ਕਰੀਬ 60 ਮੈਂਬਰਾਂ ਨੇ ਸਾਈਕਲ ਰਾਈਡ ਵਿਚ ਭਾਗ ਲਿਆ।