ਮਾਤਾ ਗੁਜਰੀ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ

ਸ੍ਰੀ ਫ਼ਤਹਿਗੜ੍ਹ ਸਾਹਿਬ, 03 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਸਮੂਹ ਸਾਇੰਸ ਵਿਭਾਗਾਂ ਵੱਲੋੰ 'ਬੜੇ ਉਤਸ਼ਾਹ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ ਜਿਸ ਦਾ ਵਿਸ਼ਾ 'ਭਾਰਤੀ ਨੌਜਵਾਨਾਂ ਨੂੰ ਵਿਗਿਆਨ ਅਤੇ ਨਵੀਨੀਕਰਨ ਵਿੱਚ ਵਿਸ਼ਵ ਪੱਧਰੀ ਨੇਤ੍ਰਤਵ ਲਈ ਸ਼ਕਤੀਸ਼ਾਲੀ ਬਣਾਉਣਾ' ਸੀ। ਇਹ ਸਮਾਗਮ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਨੈਸ਼ਨਲ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਅਤੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਵਿਦਿਆਰਥੀਆਂ ਦੀ ਵਿਗਿਆਨਕ ਜਿਗਿਆਸਾ ਅਤੇ ਰਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੇ ਦਿਲਚਸਪ ਮੁਕਾਬਲੇ ਅਤੇ ਉਸਾਰੂ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਕੁਇਜ਼, ਵਾਦ-ਵਿਵਾਦ, ਭਾਸ਼ਣ, ਮੈਜਿਕ ਸਾਇੰਸ, ਰੰਗੋਲੀ, ਸਪੈੱਲ ਬੀ, ਟਰੈਜ਼ਰ ਹੰਟ ਅਤੇ ਬੈਸਟ ਆਊਟ ਆਫ਼ ਵੇਸਟ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਸਿੱਖਿਆ ਭਰਪੂਰ ਡਾਕੂਮੈਂਟਰੀਆਂ ਜਿਵੇਂ ਬਿਔਂਡ ਰੇਨਬੋਜ਼, ਸਕੈਟਰਿੰਗ ਆਫ਼ ਲਾਈਟ, ਟਾਈਮ ਟ੍ਰੈਵਲ, ਮਰੀਨ ਟ੍ਰੈਂਚ ਅਤੇ ਫ਼ਿਊਚਰਿਸਟਿਕ ਟੀਚਿੰਗ: ਦ ਵਲਡ ਆਫ਼ ਏ.ਆਈ. ਆਦਿ ਦਿਖਾਈਆਂ ਗਈਆਂ। ਇਸ ਦੇ ਨਾਲ਼ ਹੀ ਵਿਸ਼ੇ 'ਭਾਰਤ ਲਈ ਸਟਾਰਟਅੱਪ ਅਤੇ ਨੌਜਵਾਨ-ਚਲਿਤ ਨਵੀਨੀਕਰਨ' ਵਿਸ਼ੇ 'ਤੇ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਦੱਸਿਆ ਕਿ ਕਾਲਜ ਵਿਖੇ ਹਰ ਸਾਲ ਕਾਲਜ ਦੇ ਸਮੂਹ ਸਾਇੰਸ ਫੈਕਲਟੀ ਦੁਆਰਾ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ, ਉਨ੍ਹਾਂ ਦੀ ਵਿਗਿਆਨ ਵਿੱਚ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ। ਸਮਾਪਤੀ ਸੈਸ਼ਨ ਦੌਰਾਨ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਵੀਨ ਕੌਰ ਨੇ ਵਿਗਿਆਨ ਦਿਵਸ ਦੇ ਮਹੱਤਵ ਬਾਰੇ ਜਾਗਰੂਕ ਕਰਦਿਆਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮਗਰੋਂ ਪ੍ਰੋ. ਪਰਦੀਪ ਕੌਰ ਸੰਧੂ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਡਾ. ਜਗਦੀਸ਼ ਸਿੰਘ, ਡਾ. ਤੇਜਿੰਦਰ ਸਿੰਘ, ਡਾ. ਲਵਨੀਤ ਕੌਰ, ਡਾ. ਅਜੈ ਸਿੰਘ, ਡਾ. ਸੰਤੋਸ਼ ਕੁਮਾਰ, ਡਾ. ਨੀਤੂ ਤ੍ਰੇਹਨ, ਪ੍ਰੋ. ਪੂਨਮ ਚਾਵਲਾ, ਡਾ. ਮੋਨਿਕਾ, ਪ੍ਰੋ. ਸਿਮਰਤ ਕੌਰ, ਡਾ. ਨੈਨਾ ਖੁੱਲਰ, ਡਾ. ਗੁਰਪ੍ਰੀਤ ਕੌਰ, ਡਾ. ਰਮਣੀਕ ਕੌਰ, ਸਮੂਹ ਵਿਗਿਆਨ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।