- ਪ੍ਰਸ਼ਾਸਨ ਦੀਆਂ ਟੀਮਾਂ 24 ਘੰਟੇ ਤਾਇਨਾਤ : ਡਿਪਟੀ ਕਮਿਸ਼ਨਰ
ਫਾਜਿ਼ਲਕਾ, 21 ਅਗਸਤ : ਕਾਂਵਾਂ ਵਾਲੀ ਪੱਤਣ ਤੇ ਹੜ੍ਹ ਦੇ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਦੇ ਓਪਰੇਸ਼ਨ ਦੀ ਨਿਗਰਾਨੀ ਕਰਦਿਆਂ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੁ ਦੁੱਗਲ ਨੇ ਦੱਸਿਆ ਹੈ ਕਿ ਹੁਣ ਤੱਕ 700 ਤੋਂ ਜਿਆਦਾ ਲੋਕਾਂ ਨੂੰ ਕਿਸਤੀਆਂ ਰਾਹੀਂ ਸੁਰੱਖਿਅਤ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਟੀਮਾਂ ਹਰ ਖੇਤਰ ਵਿਚ ਮੁਸਤੈਦੀ ਨਾਲ ਕੰਮ ਕਰ ਰਹੀਆਂ ਹਨ। ਬੀਤੀ ਸ਼ਾਮ ਤੱਕ 498 ਲੋਕਾਂ ਨੂੰ ਕਿਸਤੀਆਂ ਨਾਲ ਕੱਢਿਆ ਗਿਆ ਸੀ ਜਦ ਕਿ ਸੋਮਵਾਰ ਦੀ ਦੁਪਹਿਰ ਤੱਕ 200 ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 576 ਲੋਕ ਰਾਹਤ ਕੈਂਪਾਂ ਵਿਚ ਪਹੁੰਚੇ ਹਨ ਜਦ ਕਿ ਜਿਆਦਾਤਰ ਲੋਕ ਆਪਣੇ ਰਿਸਤੇਦਾਰਾਂ ਦੇ ਕੋਲ ਗਏ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੂੰ ਕਿਸਤੀਆਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ ਉਨ੍ਹ੍ਹਾਂ ਵਿਚੋਂ ਕੁਝ ਬੱਚਿਆਂ ਤੇ ਔਰਤਾਂ ਨੂੰ ਸੁਰੱਖਿਤ ਛੱਡ ਕੇ ਖੁਦ ਵਾਪਿਸ ਘਰਾਂ ਤੱਕ ਜਾਣ ਦੀ ਕੋਸਿ਼ਸ ਕਰਦੇ ਹਨ, ਜ਼ੋ ਅਜਿਹਾ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਜਿ਼ਲ੍ਹਾਂ ਪ੍ਰਸਾ਼ਸਨ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਕਾਂਵਾਂ ਵਾਲੀ ਪੱਤਣ ਤੋਂ ਇਲਾਵਾ ਮੁਹਾਰ ਜਮਸੇ਼ਰ ਵਿਖੇ ਵੀ ਬਹੁਤ ਸਾਰੇ ਲੋਕਾਂ ਨੂੰ ਅੱਜ ਮੁੜ ਸੁਰੱਖਿਤ ਕਿਸਤੀ ਰਾਹੀਂ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਹ ਵੀ ਅਪੀਲ ਕੀਤੀ ਕਿ ਕਿਸੇ ਵੀ ਮੁਸਕਿਲ ਸਮੇਂ ਜਿ਼ਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01638—262153 ਤੇ ਹੀ ਸੰਪਰਕ ਕੀਤਾ ਜਾਵੇ ਅਤੇ ਆਪਣੇ ਆਪ ਪੈਦਲ ਪਾਣੀ ਨੂੰ ਪਾਰ ਕਰਨ ਦੀ ਕੋਸਿ਼ਸ ਨਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਿ਼ਲ੍ਹੇ ਵਿਚ ਹੁਣ ਤੱਕ 8000 ਹੈਕਟੇਅਰ ਰਕਬੇ ਵਿਚ ਪਾਣੀ ਆਇਆ ਹੈ। ਇਸੇ ਤਰਾਂ ਬੀਤੇ ਦਿਨ 2 ਮੌਤਾਂ ਹੜ੍ਹ ਕਾਰਨ ਹੋਈਆਂ ਸੀ ਅਤੇ ਇਕ ਮੱਝ ਦੇ ਰੁੜ ਜਾਣ ਦੀ ਵੀ ਖ਼ਬਰ ਹੈ।