- ਕਿਸਾਨ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਆਰੰਭੀ ਮੁਹਿੰਮ ਦਾ ਸਹਿਯੋਗ ਕਰਨ - ਵਿਧਾਇਕ ਰੰਧਾਵਾ
ਡੇਰਾਬੱਸੀ, 24 ਜੂਨ : ਪੰਜਾਬ ਸਰਕਾਰ ਵੱਲੋਂ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਹੁਲਾਰਾ ਦੇਣ ਲਈ ਚਲਾਈ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਡੇਰਾਬੱਸੀ ਬਲਾਕ ਦੇ ਪਿੰਡ ਧਨੌਨੀ ਵਿਖੇ ਕਿਸਾਨ ਨਰਿੰਦਰ ਸਿੰਘ ਢੀਂਡਸਾ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ। ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੌਜੂਦਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਫਲ ਬਣਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਕੇ ਆਪਣਾ ਵੱਡਮੁੱਲਾ ਸਹਿਯੋਗ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਲਾਹੇਵੰਦ ਹੈ, ਕਿਉਂਕਿ ਕੱਦੂ ਕਰਕੇ ਝੋਨੇ ਦੀ ਬਿਜਾਈ ਨਾਲ ਖਰਚਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਪਾਣੀ ਦਾ ਇਸਤੇਮਾਲ ਵੀ ਬਹੁਤ ਕਰਨਾ ਪੈਂਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ ਸੂਬਾ ਸਰਕਾਰ ਵੱਲੋਂ 1500/- ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਖੇਤੀਬਾੜੀ ਅਫ਼ਸਰ ਡਾ. ਹਰਸੰਗੀਤ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਮੌਜੂਦਾ ਰਵਾਇਤੀ ਤਕਨੀਕ ਜੋ ਕਿ ਕੱਦੂ ਕਰਕੇ ਕੀਤੀ ਜਾਂਦੀ ਹੈ, ਨਾਲੋਂ ਜ਼ਿਆਦਾ ਬੇਹਤਰ ਵਿਧੀ ਹੈ। ਇਸ ਨਾਲ ਪਾਣੀ, ਸਮਾਂ ਤੇ ਲੇਬਰ ਦੀ ਵੱਡੀ ਬੱਚਤ ਹੁੰਦੀ ਹੈ। ਇਸ ਮੌਕੇ ਕਿਸਾਨਾਂ ਵਲੋਂ ਸਿੱਧੀ ਬਿਜਾਈ ਦੇ ਸਮਾਂ ਲੇਟ ਹੋਣ ਸੰਬਧੀ ਸ਼ੰਕਿਆਂ ਦਾ ਨਿਵਾਰਣ ਕਰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਸਮੇਂ ਸਿਰਫ਼ ਝੋਨਾ ਨਹੀ ਬਲਕਿ ਬਾਸਮਤੀ ਵੀ ਸਿੱਧੀ ਬਿਜਾਈ ਰਾਹੀਂ ਬੀਜੀ ਜਾ ਸਕਦੀ ਹੈ। ਡਾ. ਦਾਨਿਸ਼ ਕੁਮਾਰ ਏ.ਡੀ.ੳ ਨੇ ਦੱਸਿਆ ਕਿ ਸਿੱਧੀ ਬਿਜਾਈ ਨਾਲ ਲੱਗੀ ਬਾਸਮਤੀ ਵਿੱਚ ਝੰਡਾ ਰੋਗ ਦੀ ਬਿਮਾਰੀ ਨਹੀਂ ਆਉਂਦੀ। ਇਸ ਮੌਕੇ ਕਿਸਾਨ ਕਮਲਜੀਤ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਪਰਮਜੀਤ ਸਿੰਘ ਅਤੇ ਵਿਭਾਗ ਦੇ ਸੁਖਜੀਤ ਕੌਰ, ਗੁਰਵਿੰਦਰ ਕੌਰ ਏ ਈ ੳ, ਪੁਨੀਤ ਗੁਪਤਾ ਬੀ.ਟੀ.ਐਮ, ਮਨਜੀਤ ਸਿੰਘ, ਸਵਿੰਦਰ ਕੁਮਾਰ ਏ.ਟੀ.ਐਮ ਅਤੇ ਗੁਲਸ਼ਨ ਕੁਮਾਰ ਵਗੈਰਾ ਹਾਜ਼ਰ ਸਨ।