ਯੁਧ ਨਸ਼ਿਆਂ ਵਿਰੁਧ, ਮੁਹਿੰਮ ਨੂੰ ਜਨਤਕ ਲਹਿਰ ਬਣਾਉਣ ਲਈ ਪੰਜਾਬ ਸਰਕਾਰ 7 ਮਈ ਤੋਂ ਪਿੰਡ/ਵਾਰਡਵਾਰ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੇਗੀ: ਡਾ. ਬਲਬੀਰ ਸਿੰਘ

  • ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਨੂੰ ਦੂਰ ਕਰਨ ਲਈ ਸਹਿਯੋਗ ਮੰਗਣ ਲਈ ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ
  • ਐਮਪੀ ਕੰਗ ਨੇ ਵੀ ਡੀ ਸੀ ਮੈਂਬਰਾਂ ਨੂੰ ਨਸ਼ਿਆਂ ਵਿਰੁਧ ਲੜਾਈ ਦੇ ਮੋਹਰੀ ਬਣਨ ਦਾ ਸੱਦਾ ਦਿੱਤਾ
  • ਡੀਸੀ ਅਤੇ ਐਸਐਸਪੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਮਈ 2025 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ 7 ਮਈ ਤੋਂ ਪਿੰਡ ਅਤੇ ਵਾਰਡਵਾਰ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੇਗੀ ਤਾਂ ਜੋ ਪੰਜਾਬ ਦੀ ਪਵਿੱਤਰ ਧਰਤੀ ਤੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੇ ਸਹਿਯੋਗ ਹਾਸਲ ਕਰਕੇ ‘ਯੁਧ ਨਸ਼ਿਆਂ ਵਿਰੁਧ’ ਮੁਹਿੰਮ ਨੂੰ ਇੱਕ ਜਨਰਕ ਲਹਿਰ ਬਣਾਇਆ ਜਾ ਸਕੇ। ਅੱਜ ਮੋਹਾਲੀ ਦੇ ਗ੍ਰੈਂਡ ਰੋਮਾਨੀਆ ਰਿਜ਼ੌਰਟ ਵਿਖੇ ਪਿੰਡ/ਵਾਰਡ ਰੱਖਿਆ ਕਮੇਟੀਆਂ (ਪੰਚਾਇਤਾਂ ਅਤੇ ਕੌਂਸਲਰਾਂ) ਦੀ ਜ਼ਿਲ੍ਹਾ ਪੱਧਰੀ ਵਿਸ਼ਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਦੋ-ਪੱਖੀ ਰਣਨੀਤੀ ‘ਤੇ ਕੰਮ ਕਰਕੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੈ, ਪਹਿਲੇ ਪੜਾਅ ਚ ਨਸ਼ਾ ਤਸਕਰਾਂ ਦੁਆਲੇ ਸ਼ਿਕੰਜਾ ਕੱਸ ਕੇ ਨਸ਼ਾ ਤਸਕਰਾਂ ਦਾ ਨੈੱਟਵਰਕ ਖਤਮ ਕਰਨਾ ਹੈ ਅਤੇ ਦੂਜੇ ਪੜਾਅ ਵਿੱਚ ਪੀੜਤਾਂ ਦਾ ਇਲਾਜ ਕਰਨਾ, ਮੁੜ ਵਸੇਬੇ ਦੌਰਾਨ ਹੁਨਰ ਸਿਖਲਾਈ ਦੇਣਾ ਅਤੇ ਉਨ੍ਹਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਸਵੈ-ਨਿਰਭਰ ਬਣਾਉਣ ਲਈ ਨੌਕਰੀਆਂ/ਕਰਜ਼ੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਚੰਗਾ ਕੰਮ ਕਰ ਰਹੀ ਹੈ ਜਦੋਂ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਬਿਸਤਰਿਆਂ ਦੀ ਸਮਰੱਥਾ ਵਧਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਨੇ ਮੌਜੂਦਾ ਸਮਰੱਥਾ ਨੂੰ ਤਿੰਨ ਗੁਣਾ ਵਧਾ ਦਿੱਤਾ ਹੈ ਅਤੇ ਹੁਣ ਸਾਡੇ ਕੋਲ ਨਸ਼ਾ ਪੀੜਤਾਂ ਦੇ ਇਲਾਜ ਲਈ 5000 ਬੈੱਡਜ਼ ਦਾ ਪ੍ਰਬੰਧ ਹੈ। ਇਸੇ ਤਰ੍ਹਾਂ, ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ, ਮੁੜ ਵਸੇਬਾ ਕੇਂਦਰਾਂ ਵਿੱਚ ਹੁਨਰ ਸਿਖਲਾਈ ਕੇਂਦਰ ਵੀ ਸ਼ੁਰੂ ਕੀਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਨਸ਼ਾ ਮੁਕਤੀ ਯਾਤਰਾ ਮੁਹਿੰਮ ਬਾਰੇ ਜਾਗਰੂਕ ਕਰਨਾ, ਭਾਈਚਾਰਕ ਚੌਕਸੀ ਲਈ ਪਿੰਡ ਪੱਧਰੀ ਲੀਡਰਸ਼ਿਪ ਨੂੰ ਲਾਮਬੰਦ ਕਰਨਾ, ਪਿੰਡ ਪੱਧਰੀ ਅਤੇ ਵਾਰਡ ਪੱਧਰੀ ਸੁਰੱਖਿਆ ਕਮੇਟੀਆਂ (ਵੀ ਡੀ ਸੀ/ਡਬਲਯੂ ਡੀ ਸੀ) ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ ਪਿੰਡ ਪੱਧਰ ‘ਤੇ ਨਸ਼ਿਆਂ ਵਿਰੁੱਧ ਸਮੂਹਿਕ ਸਟੈਂਡ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਵੀ ਡੀ ਸੀ ਅਤੇ ਡਬਲਯੂ ਡੀ ਸੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਬੁਰਾਈ ਨਾਲ ਨਜਿੱਠਣ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਨ ਅਤੇ ਨਸ਼ਿਆਂ ਦੇ ਪੀੜਤਾਂ ਲਈ ਮਦਦ ਦਾ ਹੱਥ ਵਧਾਉਣ। ਇਸੇ ਤਰ੍ਹਾਂ, ਅਪਰਾਧੀਆਂ ਨੂੰ ਐਨ ਡੀ ਪੀ ਐਸ ਮਾਮਲਿਆਂ ਤੋਂ ਜ਼ਮਾਨਤ ਪ੍ਰਾਪਤ ਕਰਨ ਵਿੱਚ ਵੀ ਸਹਿਯੋਗ ਨਾ ਦਿੱਤਾ ਜਾਵੇ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਲਵਿੰਦਰ ਸਿੰਘ ਕੰਗ, ਮੈਂਬਰ ਲੋਕ ਸਭਾ, ਸ੍ਰੀ ਆਨੰਦਪੁਰ ਸਾਹਿਬ ਨੇ ਕਿਹਾ ਕਿ ਪੰਜਾਬ ਦੀ ਧਰਤੀ ਅਤੇ ਇਤਿਹਾਸ ਗਵਾਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕੀਤੀ, ਪੰਜਾਬ ਦੇ ਬਹਾਦਰ ਨਾਇਕਾਂ ਨੇ ਮੁਗਲਾਂ ਅਤੇ ਅਬਦਾਲੀ ਵਿਰੁੱਧ ਲੜਾਈ ਲੜੀ, ਉਸ ਤੋਂ ਬਾਅਦ, ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਅਸਾਧਾਰਨ ਯੋਗਦਾਨ ਪਾਇਆ, ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਨਸ਼ਾ ਤਸਕਰਾਂ ਵਿਰੁੱਧ ਨਾ ਲੜਨ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਆਲੇ-ਦੁਆਲੇ ਨਸ਼ਾ ਵੇਚਦਾ ਹੈ, ਤਾਂ ਉਨ੍ਹਾਂ ਵਿਰੁੱਧ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ ਅਤੇ ਸ਼ਿਕਾਇਤਕਰਤਾ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਲਈ ਵਚਨਬੱਧ ਹੈ, ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਲੋਕ ਵੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਰਕਾਰ ਦਾ ਸਾਥ ਦੇਣ। ਡੀ ਸੀ ਕੋਮਲ ਮਿੱਤਲ ਨੇ ਵੀ ਡੀ ਸੀ ਅਤੇ ਡਬਲਿਊ ਡੀ ਸੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਮੇਟੀਆਂ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਨਸ਼ਿਆਂ ਨੂੰ ਰੋਕਣ ਅਤੇ ਪੀੜਤਾਂ ਦਾ ਨਸ਼ਾ ਛੁਡਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਸ਼ਾ ਤਸਕਰਾਂ ਵਿਰੁੱਧ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ ਡੀ ਸੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।