
ਹੰਡਿਆਇਆ, 3 ਮਈ 2025 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਹੇਠ ਨਗਰ ਪੰਚਾਇਤ ਹੰਡਿਆਇਆ ਨੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਅੱਜ ਕਿਲ੍ਹਾ ਪੱਤੀ ਵਿਖੇ ਨਾਜਾਇਜ਼ ਤੌਰ 'ਤੇ ਉਸਾਰੇ ਗਏ ਢਾਂਚੇ ਢਾਹੇ। ਇਸ ਸਬੰਧੀ ਕੀਤੀ ਕਾਰਵਾਈ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ (ਐੱਸ ਐੱਸ ਪੀ) ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਕਿਲ੍ਹਾ ਪੱਤੀ ਹੰਡਿਆਇਆ ਵਿੱਚ ਦੋ ਨਾਜਾਇਜ਼ ਢਾਂਚੇ ਢਾਹੇ ਗਏ ਹਨ। ਇਸ ਦੇ ਮਾਲਿਕ ਮਾੜੋ ਕੌਰ ਪਤਨੀ ਪਿਆਰਾ ਸਿੰਘ, ਮੱਖਣ ਸਿੰਘ ਪੁੱਤਰ ਪਿਆਰਾ ਸਿੰਘ, ਸੋਨੀਆ ਪਤਨੀ ਮੱਖਣ ਸਿੰਘ, ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ, ਤਿੱਤਰ ਸਿੰਘ ਪੁੱਤਰ ਪਿਆਰਾ ਸਿੰਘ ਹਨ। ਉਹਨਾਂ ਦੱਸਿਆ ਕਿ ਇਹ ਸਾਰਾ ਪਰਿਵਾਰ ਨਸ਼ੇ ਦਾ ਕੰਮ ਕਰਦਾ ਸੀ ਅਤੇ ਇਹਨਾਂ ਵਿੱਚੋਂ ਦੋ ਔਰਤਾਂ ਮਾੜੋ ਕੌਰ ਅਤੇ ਸੋਨੀਆ ਹੁਣ ਜੇਲ ‘ਚ ਹਨ ਅਤੇ ਬਾਕੀ ਸਾਰੇ ਫਰਾਰ ਹਨ। ਫਰਾਰ ਹੋਏ ਮੈਂਬਰਾਂ ਦੀ ਭਾਲ ਜਾਰੀ ਹੈ। ਪੂਰੇ ਪਰਿਵਾਰ ‘ਤੇ ਐਨ.ਡੀ.ਪੀ.ਐਸ ਅਤੇ ਹੋਰ ਵੱਖ ਵੱਖ ਧਾਰਾਵਾਂ ਤਹਿਤ ਕਰੀਬ 11 ਪਰਚੇ ਦਰਜ ਹਨ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਹੰਡਿਆਇਆ ਵਲੋਂ ਇਹ ਨਾਜਾਇਜ਼ ਢਾਂਚੇ ਹਟਾਉਣ ਲਈ ਪੁਲਿਸ ਮਦਦ ਮੰਗੀ ਗਈ ਸੀ ਅਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਇਹ ਢਾਂਚੇ ਢਾਹੇ ਗਏ ਹਨ। ਐੱਸ ਐੱਸ ਪੀ ਬਰਨਾਲਾ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਪੁਲਿਸ ਨਸ਼ਾ ਤਸਕਰਾਂ ਲਈ ਦੀਵਾਰ ਬਣ ਕੇ ਖੜੀ ਹੈ ਅਤੇ ਜੋ ਵਿਅਕਤੀ ਨਸ਼ਾ ਕਰਦੇ ਹਨ ਉਨ੍ਹਾਂ ਨੂੰ ਇਸ ਦਾ ਰੋਗੀ ਜਾਣ ਕੇ ਇਲਾਜ ਕਰਵਾਇਆ ਜਾ ਰਿਹਾ ਹੈ।