ਬੀਜਾਂ ਦਾ ਅਣ - ਅਧਿਕਾਰਿਤ ਗੋਦਾਮ ਸੀਲ ਕਰਕੇ ਫਰਮ ਖਿਲਾਫ ਪਰਚਾ ਦਰਜ

ਗਿੱਦੜਬਾਹਾ, 03 ਮਈ 2025 : ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਡਲਾਈ ਵਿਭਾਗ ਸ. ਜਸਵੰਤ ਸਿੰਘ ਦੇ ਹੁਕਮਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਜਾਂ ਅਤੇ ਖਾਦਾਂ ਦੀ ਕਾਲਾ ਬਜਾਰੀ ਕਰਨ ਵਾਲੇ ਡੀਲਰਾਂ ਅਤੇ ਕੰਪਨੀਆ ’ਤੇ ਵੱਡੇ ਪੱਧਰ ’ਤੇ ਕਾਰਵਾਈ ਚੱਲ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਸੀਡਜ ਕੰਪਨੀ ਗਿੱਦੜਬਾਹਾ ਵੱਲੋ ਝੋਨੇ ਦੀ ਗੈਰ - ਪ੍ਰਮਾਣਤ ਕਿਸਮਾਂ ਦੀ ਵਿਕਰੀ ਕਰਨ ’ਤੇ ਰੋਕ ਲੱਗੀ ਹੋਈ ਹੈ ਅਤੇ ਇਸ ਫ਼ਰਮ ਦਾ ਕੇਸ ਸੰਯੁਕਤ ਡਾਇਰੈਕਟਰ ਖੇਤੀਬਾੜੀ (ਘਣੀ-ਖੇਤੀ) ਪੰਜਾਬ ਕੋਲ ਕਾਰਵਾਈ ਤਹਿਤ ਹੈ। ਉੱਡਣ ਦਸਤਾ ਸ੍ਰੀ ਮੁਕਤਸਰ ਸਾਹਿਬ ਵੱਲੋ ਬੀਤੇ ਦਿਨੀਂ ਬੀਜਾਂ ਦੀ ਚੈਕਿੰਗ ਕਰਦਿਆ ਪੱਤਾ ਲੱਗਾ ਕਿ ਮੈਸ- ਪੰਜਾਬ ਬੀਜ ਭੰਡਾਰ ਗਿੱਦੜਬਾਹਾ ਦਾ ਬੀਜਾਂ ਦਾ ਇੱਕ ਵੱਡਾ ਗੋਦਾਮ ਅਣ-ਅਧਿਕਾਰਤ ਹੈ ਅਤੇ ਇਸ ਗੋਦਾਮ ਵਿੱਚ ਵਿਕਰੀ ਕੀਤੀਆ ਜਾ ਰਹੀਆਂ ਝੋਨੇ ਦੀਆਂ ਕਿਸਮਾਂ ਦੀ ਪਹਿਲਾ ਹੀ ਸੇਲ ਬੰਦ ਹੈ ਅਤੇ ਕੇਸ ਉੱਪਰਲੀ ਅਥਾਰਟੀ ਕੋਲ ਪੈਡਿੰਗ ਹੈ। ਇਸ ਅਣ - ਅਧਿਕਾਰਤ ਗੋਦਾਮ ਕਾਰਨ ਮੈਸ- ਪੰਜਾਬ ਬੀਜ ਭੰਡਾਰ ਗਿੱਦੜਬਾਹਾ ਖਿਲਾਫ ਜ਼ਿਲ੍ਹੇ ਦੇ ਉੱਡਣ ਦਸਤੇ ਦੀ ਟੀਮ ਵੱਲੋ ਕਾਰਵਾਈ ਕੀਤੀ ਗਈ। ਇਸ ਟੀਮ ਵਿੱਚ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ, ਡਾ. ਸੁਖਜਿੰਦਰ ਸਿੰਘ ਏ.ਡੀ.ਓ, ਡਾ. ਜਸ਼ਨਪ੍ਰੀਤ ਸਿੰਘ ਏ.ਡੀ.ਓ, ਡਾ. ਜਗਮੋਹਨ ਸਿੰਘ ਏ.ਡੀ.ਓ, ਡਾ. ਮਨਿੰਦਰ ਸਿੰਘ ਏ.ਡੀ.ਓ,ਅਤੇ ਸਹਾਇਕ ਸਟਾਫ ਹਾਜਰ ਸਨ। ਇਸ ਟੀਮ ਨੇ ਪੁਲਿਸ ਦੀ ਹਾਜਰੀ ਵਿੱਚ ਇਸ ਅਣ - ਅਧਿਕਾਰਤ ਗੋਦਾਮ ਦਾ ਸਾਰਾ ਸਟਾਕ ਨੋਟ ਕਰ ਲਿਆ, ਇਸ ਦੇ 6 ਸੈਂਪਲ ਭਰੇ ਗਏ ਅਤੇ ਇਸ ਗੋਦਾਮ ਨੂੰ ਸੀਲ ਕਰਕੇ ਥਾਨਾ ਇੰਚਾਰਜ ਗਿੱਦੜਬਾਹਾ ਨੂੰ ਫ਼ਰਮ ਮੈਸ- ਪੰਜਾਬ ਬੀਜ ਭੰਡਾਰ ਗਿੱਦੜਬਾਹਾ ਖਿਲਾਫ ਸੀਡ ਐਕਟ 1966 ਅਤੇ ਸੀਡ ਕੰਟਰੋਲ ਆਰਡਰ ਦੀ ਕੁਤਾਹੀ ਹਿੱਤ ਜਰੂਰੀ ਵਸਤਾਂ ਐਕਟ 1955 ਤਹਿਤ ਪਰਚਾ ਦਰਜ ਕਰਨ ਲਈ ਲਿਖ ਦਿੱਤਾ ਗਿਆ ਹੈ। ਇਸ ਕਾਰਵਾਈ ਦੀ ਸਮੁੱਚੀ ਰਿਪੋਰਟ ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਹ ਪਰਚਾ ਫਰਮ ਅਤੇ ਫਰਮ ਦੇ ਮਾਲਕ ਰੁਪੇਸ ਗਰਗ ਪੁੱਤਰ ਕੇਵਲ ਕਿਸਨ ਗਰਗ ਖਿਲਾਫ ਹੋਇਆ ਹੈ।