ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਈ ਤਾਂ 9 ਮਾਰਚ ਨੂੰ ਪੰਜਾਬ ਪੱਧਰ ਦੀ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ: ਮਨਦੀਪ ਸਿੰਘ ਪ੍ਰਧਾਨ

ਸ੍ਰੀ ਫ਼ਤਹਿਗੜ੍ਹ ਸਾਹਿਬ, 03 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਪਿਛਲੇ ਲਗਭਗ 16 ਸਾਲਾਂ ਤੋਂ ਸੰਘਰਸ਼ ਕਰ ਰਹੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਇੱਕ ਅਹਿਮ ਮੀਟਿੰਗ ਅੱਜ ਬਲਾਕ ਸਰਹਿੰਦ ਵਿਖੇ ਮਨਦੀਪ ਸਿੰਘ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਬਲਾਕ ਸਰਹਿੰਦ ਦੇ ਬੀ.ਡੀ.ਪੀ.ਓ ਮੈਡਮ ਦੀਪ ਸਿਖਾਂ ਨੂੰ ਮੰਗ ਪੱਤਰ ਦਿੱਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪਾਲਸੀਆਂ ਬਣਾਉਣ ਦਾ ਬਹਾਨਾ ਬਣਾ ਕੇ ਸਿਰਫ਼ ਤੇ ਸਿਰਫ਼ ਵਰਤਿਆ ਹੀ ਗਿਆ ਹੈ। ਵਾਰ-ਵਾਰ ਕੈਬਨਿਟ ਸਬ ਕਮੇਟੀਆਂ ਬਣਾ ਕੇ ਪੰਜ ਸਾਲ ਨਰੇਗਾ ਮੁਲਾਜ਼ਮਾਂ ਨੂੰ ਲਾਰਿਆਂ ਵਿੱਚ ਹੀ ਉਲਝਾਇਆ ਜਾਂਦਾ ਰਿਹਾ ਹੈ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਨਰੇਗਾ ਮੁਲਾਜ਼ਮਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਦੱਬ ਕੇ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰੈਗੂਲਰ ਕਰਨਾ ਤਾਂ ਦੂਰ ਅਜੇ ਤੱਕ ਵੀ ਨਰੇਗਾ ਮੁਲਾਜ਼ਮਾਂ ਨੂੰ ਜਿੱਥੇ ਗੁਜ਼ਾਰੇ ਜੋਗੀ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ ਓਥੇ ਨਾ ਤਾਂ ਕੋਈ ਮੈਡੀਕਲ ਸਹੂਲਤ ਮਿਲਦੀ ਹੈ, ਨਾ ਮੌਤ ਉਪਰੰਤ ਵਾਰਿਸਾਂ ਨੂੰ ਕੋਈ ਮੁਆਵਜ਼ਾ ਮਿਲਦਾ ਹੈ, ਨਾ ਹੀ ਨੌਕਰੀ ਮਿਲਦੀ ਹੈ, ਗੰਭੀਰ ਤੋਂ ਗੰਭੀਰ ਬਿਮਾਰੀ ਦੌਰਾਨ ਜਾਂ ਐਕਸੀਡੈਂਟ ਦੌਰਾਨ ਵੀ ਕੋਈ ਇਲਾਜ ਲਈ ਸਹਾਇਤਾ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਨਰੇਗਾ ਮੁਲਾਜ਼ਮਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਮਾਂ ਨਰੇਗਾ ਲੇਖੇ ਲਾ ਦਿੱਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਫਿਰ ਤੋਂ ਨਵੀਂ ਪਾਲਿਸੀ ਬਣਾ ਕੇ, ਕੈਬਨਿਟ ਸਬ ਕਮੇਟੀਆਂ ਬਣਾ-ਬਣਾ ਕੇ ਤਿੰਨ ਸਾਲ ਆਸਾਨੀ ਨਾਲ ਟਪਾ ਲਏ ਹਨ। ਇਸ ਲਈ ਨਰੇਗਾ ਮੁਲਾਜ਼ਮਾਂ ਵਿੱਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਅੱਜ ਦੀ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫ਼ੈਸਲੇ ਸਾਰੇ ਵਿਧਾਇਕਾਂ, ਮੰਤਰੀਆਂ, ਚੇਅਰਮੈਨਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। 5 ਤੋਂ 7 ਮਾਰਚ ਤੱਕ ਨਰੇਗਾ ਮੁਲਾਜ਼ਮਾਂ ਨਾਲ ਸੰਬੰਧਿਤ ਦੇ ਹਰ ਤਰ੍ਹਾਂ ਆਨਲਾਈਨ, ਆਨਲਾਈਨ ਅਤੇ ਫ਼ੀਲਡ ਦੇ ਕੰਮ ਮੁਕੰਮਲ ਬੰਦ ਕਰਕੇ ਬਲਾਕ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ। ਜੇਕਰ ਫਿਰ ਵੀ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਈ ਤਾਂ 9 ਮਾਰਚ ਨੂੰ ਪੰਜਾਬ ਪੱਧਰ ਦੀ ਮੀਟਿੰਗ ਬੁਲਾ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਸਮੇਂ ਮਨਪਰੀਤ ਸਿੰਘ ਏ.ਪੀ.ਓ, ਵਿਜੈ ਕੁਮਾਰ ਜੀ.ਆਰ.ਐੱਸ, ਜਰਨੈਲ ਸਿੰਘ ਜੀ. ਆਰ.ਐੱਸ, ਸੁਦਾਗਰ ਸਿੰਘ ਜੀ.ਆਰ.ਐੱਸ, ਮੁਕੇਸ਼ ਕੁਮਾਰ, ਮਨਜੋਤ ਕੌਰ ਜੀ. ਆਰ.ਐੱਸ, ਮਨਜੀਤ ਕੌਰ ਜੀ.ਆਰ.ਐੱਸ, ਸੁਖਵਿੰਦਰ ਕੌਰ ਜੀ.ਆਰ.ਐੱਸ ਆਦਿ ਵੀ ਹਾਜ਼ਰ ਸਨ।