- ਫਾਜਿ਼ਲਕਾ ਵਿਖੇ ਕੌਮੀ ਜਜ਼ਬੇ ਨਾਲ ਮਨਾਇਆ ਗਿਆ ਆਜਾਦੀ ਦਿਹਾੜਾ, ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਲਹਿਰਾਇਆ ਤਿਰੰਗਾ
- ਕਿਹਾ, ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ
ਫਾਜਿ਼ਲਕਾ, 16 ਅਗਸਤ : ਜਿ਼ਲ੍ਹਾ ਪੱਧਰੀ ਅਜਾਦੀ ਦਿਹਾੜੇ ਮੌਕੇ ਅੱਜ ਇੱਥੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਕਾਜ ਮੰਤਰੀ ਸ੍ਰੀ ਬਲਕਾਰ ਸਿੰਘ ਨੇ ਤਿੰਰਗਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਦੇਸ਼ ਭਗਤੀ ਦੇ ਜਜਬੇ ਤੇ ਪੂਰੇ ਉਤਸਾਹ ਨਾਲ ਮਨਾਏ ਗਏ ਸਮਾਗਮ ਵਿਚ ਜਿ਼ਲ੍ਹਾ ਵਾਸੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਨੇ ਜਿੱਥੇ ਦੇਸ਼ ਲਈ ਆਪਾਂ ਵਾਰਨ ਵਾਲਿਆਂ ਨੂੰ ਯਾਦ ਕੀਤਾ ਉਥੇ ਹੀ 1971 ਦੀ ਜੰਗ ਦੇ ਸ਼ਹੀਦਾਂ ਨੂੰ ਵੀ ਨਮਨ ਕੀਤਾ। ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।ਇਸ ਮੌਕੇ ਇੱਥੇ ਪੁੱਜਣ ਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਸ: ਮਨਜੀਤ ਸਿੰਘ ਢੇਸੀ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਨੇ ਸੰਬੋਧਨ ਵਿਚ ਪੰਜਾਬ ਸਰਕਾਰ ਦੀਆਂ ਵੱਖ ਵੱਖ ਲੋਕ ਕਲਿਆਣਕਾਰੀ ਸਕੀਮਾਂ ਦਾ ਵਿਸੇਸ਼ ਤੌਰ ਤੇ ਜਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਪੈਦਾ ਹੋਈ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ 105 ਕਰੋੜ ਰੁਪਏ ਦੀ ਫੌਰੀ ਰਾਹਤ ਦਿੱਤੀ ਗਈ ਹੈ।ਇਸੇ ਤਰਾਂ ਉਨ੍ਹਾਂ ਨੇ 31,000 ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਤੇ 12,000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਸਰਕਾਰ ਦੇ ਮਹੱਤਵਪੂਰਨ ਕਾਰਜਾਂ ਬਾਰੇ ਵੀ ਦੱਸਿਆ।ਉਨ੍ਹਾਂ ਨੇ ਕਿਹਾ ਕਿ ਹਰੇਕ ਵਰਗ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਨਾਲ ਹੁਣ 90 ਫੀਸਦੀ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਨੇ ਦੱਸਿਆ ਕਿ ਫਾਜਿ਼ਲਕਾ ਜ਼ਿਲੇ ਦੇ ਲਗਭਗ ਸਾਰੇ ਪਿੰਡਾਂ ਤੱਕ ਸਾਫ ਨਹਿਰੀ ਪੀਣ ਦਾ ਪਾਣੀ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਪਿੰਡ ਘੱਟਿਆਂ ਵਾਲੀ ਬੋਦਲਾ ਵਿਚ 419 ਕਰੋੜ ਤੇ ਪਿੰਡ ਪੱਤਰੇਵਾਲਾ ਵਿਚ 578 ਕਰੋੜ ਰੁਪਏ ਦੀ ਲਾਗਤ ਨਾਲ ਸਰਫੇਸ ਵਾਟਰ ਅਧਾਰਤ ਵੱਡੇ ਵਾਟਰ ਵਰਕਸ ਬਣ ਰਹੇ ਹਨ ਜਿੱਥੋਂ ਸਾਫ ਪਾਣੀ ਜ਼ਿਲ੍ਹੇ ਦੇ ਸਾਰੇ ਪਿੰਡਾਂ ਤੱਕ ਪੁੱਜੇਗਾ। ਉਨ੍ਹਾਂ ਨੇ ਫਸਲੀ ਵਿਭਿੰੰਨਤਾ ਉਪਰਾਲਿਆਂ ਦਾ ਜਿਕਰ ਕਰਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਫਾਜਿ਼ਲਕਾ ਦੇ ਕਿਸਾਨਾਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਅਸੀਂ ਟੇਲਾਂ ਤੱਕ ਨਰਮੇ ਦੀ ਬਿਜਾਈ ਲਈ ਸਮੇਂ ਸਿਰ ਪਾਣੀ ਦਿੱਤਾ। ਉਨ੍ਹਾਂ ਨੇ ਜਿ਼ਲ੍ਹਾ ਪ੍ਰਸ਼ਾਸਨ ਨੇ ਪ੍ਰੋਜ਼ੈਕਟਾਂ ਮੇਰਾ ਪਿੰਡ ਮੇਰਾ ਜੰਗਲ, ਮਿਸ਼ਨ ਅਬਾਦ 30 ਅਤੇ ਸਿੱਖੋ ਅਤੇ ਵੱਧੋ ਦਾ ਵੀ ਵਿਸੇਸ਼ ਤੌਰ ਤੇ ਜਿਕਰ ਕੀਤਾ। ਸ਼ਹਿਰੀ ਵਿਕਾਸ ਦੀ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਨਿਰਵਿਘਨ, ਸਮੇਂ ਸਿਰ ਅਤੇ ਬਿਨਾਂ ਕਿਸੇ ਮੁਸ਼ਿਕਲ ਤੋਂ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜੀਟਲ ਸਿਟੀਜਨ ਸੇਵਾਵਾਂ ਆਰੰਭ ਕੀਤੀਆਂ ਗਈਆਂ ਹਨ ਜਿਸ ਦੇ ਹੇਠ ਯੂ.ਐਲ.ਬੀ ਵੈਬ ਪੋਰਟਲ, ਜਲ ਤੇ ਸੀਵਰੇਜ ਮੈਨੇਜਮੈਂਟ, ਪ੍ਰਾਪਰਟੀ ਟੈਕਸ, ਟਰੇਡ ਲਾਈਸੈਂਸ, ਸਟਰੀਟ ਵੈਂਡਰ ਰਜਿਸਟ੍ਰੇਸ਼ਨ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੁਣ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਲਾਉਣ ਤੋਂ ਮੁਕਤੀ ਮਿਲੀ ਹੈ ਅਤੇ ਸੱਭ ਕੁਝ ਆਨ ਲਾਈਨ ਹੀ ਕੀਤਾ ਜਾ ਰਿਹਾ ਹੈ। ਸ: ਬਲਕਾਰ ਸਿੰਘ ਨੇ ਆਪਣੇ ਸੰਬੋਧਨ ਵਿਚ ਅੱਗੇ ਕਿਹਾ ਕਿ ਸੂਬਾ ਵਾਸੀਆਂ ਨੂੰ ਪੀਣ ਵਾਲਾ ਸਾਫ਼—ਸੁਥਰਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਅੰਮ੍ਰਿਤਸਰ ਵਿੱਚ 665 ਕਰੋੜ ਰੁਪਏ ਅਤੇ ਲੁਧਿਆਣਾ ਵਿੱਚ 1214 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਸੂਬੇ ਦੇ ਹੋਰਨਾਂ 87 ਵੱਖ—ਵੱਖ ਸ਼ਹਿਰਾਂ ਵਿੱਚ ਪੀਣ ਵਾਲਾ ਸਾਫ਼ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਅਗਲੇ ਪੰਜ ਸਾਲਾਂ ਵਿੱਚ 2263 ਕਰੋੜ ਰੁਪਏ ਖਰਚ ਕੀਤੇ ਜਾਣਗੇ।ਇਸੇ ਤਰਾਂ 56 ਸ਼ਹਿਰਾਂ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਅਗਲੇ ਤਿੰਨ ਸਾਲਾਂ ਵਿੱਚ 1154 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਅੱਗੇ ਕਿਹਾ ਕਿ ਫਾਜ਼ਿਲਕਾ ਸ਼ਹਿਰ ਵਿਚ 15 ਕਰੋੜ ਨਾਲ ਨਵਾਂ ਸੀਵਰੇਜ਼ ਟਰੀਟਮੈਂਟ ਪਲਾਂਟ ਬਣਾਇਆ ਹੈ। ਇਸੇ ਤਰਾਂ ਅਬੋਹਰ ਵਿਖੇ 3.41 ਕਰੋੜ ਰੁਪਏ ਨਾਲ ਵਿਸਵ ਪੱਧਰੀ ਮਿਆਰ ਦੀ ਆਧੁਨਿਕ ਲਾਇਬ੍ਰੇਰੀ, 8.42 ਕਰੋੜ ਰੁਪਏ ਨਾਲ ਸਬ ਡਵੀਜਨਲ ਕੰਪਲੈਕਸ ਅਤੇ 2.92 ਕਰੋੜ ਰੁਪਏ ਨਾਲ ਬੱਸ ਸਟੈਂਡ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਐਲਾਣ ਕੀਤਾ ਕਿ ਅਮਰੁਤ 2 ਸਕੀਮ ਤਹਿਤ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਦੇ ਪੁਰਾਣੇ ਵਾਟਰ ਟਰੀਟਮੈਂਟ ਪਲਾਂਟ ਨੂੰ ਅਪਗ੍ਰੇਡ ਕਰਾਂਗੇ ਅਤੇ ਸ਼ਹਿਰ ਵਿਚ ਜਿੱਥੇ ਵਾਟਰ ਸਪਲਾਈ ਦੀਆਂ ਪਾਇਪਾਂ ਬਕਾਇਆ ਹਨ ਉਹ ਵੀ ਪਾਵਾਂਗੇ।ਇਸੇ ਤਰਾਂ ਜਲਾਲਾਬਾਦ ਵਿਚ ਅਮਰੁਤ 2 ਸਕੀਮ ਤਹਿਤ ਅਸੀਂ 16 ਕਰੋੜ ਰੁਪਏ ਦੀ ਲਾਗਤ ਨਾਲ ਸਰਫੇਸ ਵਾਟਰ ਤੇ ਅਧਾਰਤ ਵਾਟਰ ਟਰੀਟਮੈਂਟ ਪਲਾਂਟ ਅਤੇ ਪਾਈਪਲਾਈਨ ਦਾ ਕੰਮ ਕੀਤਾ ਜਾਵੇਗਾ। ਅਰਨੀਵਾਲਾ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਮੇਨ ਸੀਵਰ ਅਤੇ ਐਸਟੀਪੀ ਬਣਾਉਣ ਤੇ 21 ਕਰੋੜ 50 ਲੱਖ ਰੁਪਏ ਖਰਚਣ ਦੀ ਯੋਜਨਾ ਹੈ ਅਤੇ ਇੱਥੇ ਸਪੈਸ਼ਲ ਐਸੀਸਟੈਂਸ ਸਕੀਮ ਤਹਿਤ 31 ਕਰੋੜ ਰੁਪਏ ਨਾਲ ਬ੍ਰਾਂਚ ਸੀਵਰੇਜ਼ ਦਾ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਫਾਜਿਲ਼ਕਾ ਵਿਖੇ ਕੈਂਸਰ ਹਸਪਤਾਲ ਸ਼ੁਰੂ ਕਰਨਾ, ਫਾਜ਼ਿਲਕਾ ਸਿਵਲ ਹਸਪਤਾਲ ਵਿਖੇ ਕਰੀਟੀਕਲ ਕੇਅਰ ਯੂਨਿਟ ਸ਼ੁਰੂ ਕਰਨਾ ਅਤੇ ਪੂਰੇ ਹਸਪਤਾਲ ਨੂੰ ਏਅਰ ਕੰਡੀਸ਼ਨ ਕਰਨ ਲਈ ਸਰਕਾਰ ਨੇ ਕਰੀਬ 24 ਕਰੋੜ ਰੁਪਏ ਮਨਜ਼ੂਰ ਕੀਤੇ ਹਨ।ਇਸ ਦੇ ਨਾਲ ਸੀ.ਐੱਚ.ਸੀ. ਡੱਬਵਾਲਾ ਕਲਾਂ ਅਤੇ ਸੀ.ਐੱਚ.ਸੀ. ਸੀਤੋ ਗੁੰਨੋ ਵਿਖੇ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਹੋਣਾ ਹੈ ਜਿਸਦਾ ਫਾਇਦਾ ਪੇਂਡੂ ਖੇਤਰ ਦੇ ਲੋਕਾ ਨੂੰ ਹੋਵੇਗਾ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਅਤੇ ਵੱਖ ਵੱਖ ਵਿਭਾਗਾਂ ਵੱਲੋਂ ਝਾਂਕੀਆਂ ਸਜਾਈਆਂ ਗਈਆਂ। ਰੈਡ ਕ੍ਰਾਸ ਵੱਲੋਂ ਟ੍ਰਾਈ ਸਾਇਕਲਾਂ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਅਤੇ ਵੱਖ ਵੱਖ ਖੇਤਰਾਂ ਵਿਚ ਚੰਗਾ ਕੰਮ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਗੀਦਾਰਾਂ ਨੂੰ ਪੌਦੇ ਵੀ ਵੰਡੇ ਗਏ ਅਤੇ ਕੈਬਨਿਟ ਮੰਤਰੀ ਵੱਲੋਂ ਸਮੂਹ ਹਾਜਰੀਨ ਨੂੰ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਅਤੇ ਪਰਾਲੀ ਨਾ ਸਾੜਨ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਸਪੈਸ਼ਲ ਡੀਜੀਪੀ (ਪੀਐਸਪੀਸੀਐਲ) ਸ੍ਰੀ ਜਤਿੰਦਰ ਜ਼ੈਨ, ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਿੱਤ ਪੰਚਾਲ, ਐਸਡੀਐਮ ਸ੍ਰੀ ਨਿਕਾਸ ਖੀਂਚੜ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਸਾਰੰਗਪ੍ਰੀਤ ਸਿੰਘ ਸਮੇਤ ਸਮਾਜ ਦੇ ਪਤਵੰਤੇ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ। ਪਰੇਡ ਦੀ ਅਗਵਾਈ ਡੀ.ਐਸ.ਪੀ. ਅਤੁਲ ਸੋਨੀ ਪਰੇਡ ਕਮਾਂਡਰ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ: ਬਲਕਾਰ ਸਿੰਘ ਨੇ ਆਸਫਵਾਲਾ ਵਾਰ ਮੈਮੋਰੀਅਲ ਤੇ ਜਾ ਕੇ 1971 ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।