![](/sites/default/files/2025-02/16_13.jpg)
- ਕਿਹਾ, "ਹਿੱਟ ਐਂਡ ਰਨ" ਕੇਸਾਂ ਵਿੱਚ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਕੇਸਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਈਆਂ ਜਾਵੇ
- ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਵਿਚ ਜ਼ਖਮੀਆਂ ਦੀ ਤੁਰੰਤ ਮਦਦ ਲਈ ਹੈਲਪਲਾਈਨ ਨੰਬਰ 112,100,108 ਅਤੇ 1033 'ਤੇ ਸੰਪਰਕ ਕਰਨ
ਮਾਲੇਰਕੋਟਲਾ 17 ਫਰਵਰੀ 2025 : ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਅਣਪਛਾਤੇ ਵਾਹਨਾਂ ਵੱਲੋਂ ਟੱਕਰ ਮਾਰਨ ਕਾਰਨ ਜਖ਼ਮੀ ਹੋਣ ਵਾਲੇ ਵਿਅਕਤੀਆਂ ਅਤੇ ਮ੍ਰਿਤਕਾਂ ਦੇ ਵਾਰਸਾਂ ਦੀ ਮਾਲੀ ਸਹਾਇਤਾ ਲਈ ਭਾਰਤ ਸਰਕਾਰ ਵੱਲੋਂ ਹਿੱਟ ਐਂਡ ਰਨ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਪੀੜਤ ਜਾਂ ਮ੍ਰਿਤਕ ਦੇ ਵਾਰਸ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਥਾਣਾ ਮੁਖੀ ਕੋਲ ਅਰਜ਼ੀ ਲਗਾ ਸਕਦੇ ਹਨ। "ਹਿੱਟ ਐਂਡ ਰਨ" ਕੇਸਾਂ ਵਿੱਚ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਕੇਸਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਅਤੇ ਪੀੜ੍ਹਤਾਂ ਨੂੰ ਮੁਆਵਜ਼ਾ ਦੇਣ ਸਬੰਧੀ ਜ਼ਿਲ੍ਹਾ ਪੱਧਰ ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਦਾ ਨਿਪਟਾਰਾ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਵੱਖ-ਵੱਖ ਤੱਥਾਂ ਦੀ ਪੜਤਾਲ ਕਰਦਿਆਂ ਤਰਜੀਹੀ ਅਧਾਰ ’ਤੇ ਕੀਤਾ ਜਾਂਦਾ ਹੈ ਅਤੇ ਹਿਟ ਤੇ ਰਨ ਕੇਸ ਦੀ ਪੁਸ਼ਟੀ ਹੋਣ ’ਤੇ ਜ਼ਖ਼ਮੀ ਨੂੰ 50 ਹਜ਼ਾਰ ਰੁਪਏ ਅਤੇ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੜਕ ਦੁਰਘਟਨਾਵਾਂ ਦੇ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਫਰਿਸ਼ਤੇ ਸਕੀਮ ਚਲਾਈ ਗਈ ਹੈ ਜੋ ਕਿ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ ਅਤੇ ਜੇਕਰ ਕੋਈ ਵੀ ਨਾਗਰਿਕ ਸਵੈ ਇੱਛਾ ਨਾਲ ਦੁਰਘਟਨਾ ਪੀੜਤਾਂ ਦੀ ਜਾਨ ਬਚਾਉਣ ਵਿੱਚ ਮਦਦ ਕਰਦਾ ਹੈ ਤਾਂ ਉਸ ਨੂੰ ‘ਫਰਿਸ਼ਤਾ’ ਮੰਨਦੇ ਹੋਏ 2 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਦੁਰਘਟਨਾਵਾਂ ਵਿੱਚ ਪੀੜਤ ਹੋਣ ਵਾਲੇ ਵਿਅਕਤੀਆਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਹ ਮਨੁੱਖਤਾ ਦੀ ਇੱਕ ਵੱਡੀ ਸੇਵਾ ਸਾਬਤ ਹੋਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਵਿਚ ਜ਼ਖਮੀਆਂ ਦੀ ਤੁਰੰਤ ਮਦਦ ਲਈ ਹੈਲਪਲਾਈਨ ਨੰਬਰ 112, 100, 108 ਅਤੇ 1033 'ਤੇ ਕਾਲ ਕਰਨ, ਤਾਂ ਜੋ ਐਂਬੂਲੈਂਸ, ਸੜਕ ਸੁਰੱਖਿਆ ਬਲ ਜਾਂ ਪੁਲਿਸ ਮੌਕੇ 'ਤੇ ਜਾ ਕੇ ਪਹਿਲੇ ਘੰਟੇ ਵਿਚ ਹੀ, ਜਿਸ ਨੂੰ ਗੋਲਡਨ ਆਵਰ ਵੀ ਕਿਹਾ ਜਾਂਦਾ ਹੈ, ਵਿਚ ਜ਼ਖਮੀ ਨੂੰ ਬਚਾਇਆ ਜਾ ਸਕੇ।ਉਨ੍ਹਾਂ ਭਰੋਸਾ ਦਿੱਤਾ ਕਿ ਜ਼ਖ਼ਮੀਆਂ ਦੀ ਮਦਦ ਕਰਨ ਵਾਲਿਆਂ ਖ਼ਿਲਾਫ਼ ਕੋਈ ਜਾਂਚ ਜਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ