ਫਾਜ਼ਿਲਕਾ 5 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਪਰਾਲੀ ਦੇ ਰੱਖ ਰਖਾਵ ਅਤੇ ਹੱਲ ਲਈ ਜਿੱਥੇ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਕਿਸਾਨਾਂ ਦੀ ਸਹਾਇਤਾ ਲਈ ਇੱਕ ਹੈਲਪਲਾਈਨ ਨੰਬਰ 62839—31512 ਜਾਰੀ ਕੀਤਾ ਗਿਆ ਹੈ। ਜਿਸ ਤੇ ਜ਼ਿਲ੍ਹੇ ਦੇ ਖੇਤੀਬਾੜੀ ਸੰਦਾਂ ਦੀ ਜਾਣਕਾਰੀ ਲੈਣ ਵਾਲੇ ਚਾਹਵਾਨ ਕਿਸਾਨ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਆਪਣਾ ਸਹਿਯੋਗ ਦੇਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਨਵੀਨਤਮ ਤਕਨੀਕ ਦੀਆਂ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਖੇਤਾਂ ਵਿੱਚ ਹੀ ਨਿਪਟਾਰਾ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਜਮੀਨਾਂ ਵਿੱਚ ਹੱਲ ਲਈ ਨਵੀਨਤਮ ਖੇਤੀ ਸੰਦਾਂ ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਜਿਸ ਦਾ ਜ਼ਿਲ੍ਹੇ ਦੇ ਕਿਸਾਨਾਂ ਨੇ ਲਾਭ ਵੀ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਆਪਣੀ ਝੋਨੇ ਦੀ ਪਰਾਲੀ ਦਾ ਨਿਪਟਾਰਾ ਆਧੁਨਿਕ ਮਸ਼ੀਨਾਂ ਸਰਫੇਸ ਸੀਡਰ, ਹੈਪੀ ਸੀਡਰ, ਸੁਪਰ ਸੀਡਰ ਅਤੇ ਮਲਚਿੰਗ ਨਾਲ ਖੇਤਾਂ ਵਿੱਚ ਹੀ ਕਰਨ ਜਾਂ ਫਿਰ ਪਰਾਲੀ ਦੀਆਂ ਗੱਠਾਂ ਬਣਵਾ ਕੇ ਜ਼ਿਲ੍ਹੇ ਵਿੱਚ ਸਥਾਪਿਤ ਲੈਂਡ ਬੈਂਕਾਂ ਵਿੱਚ ਭੇਜਣ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣਗੇ ਤਾਂ ਅਜਿਹਾ ਕਰਨ ਨਾਲ ਕਿਸਾਨਾਂ ਦੀ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਅਗਲੀ ਫਸਲ ਦਾ ਝਾੜ ਵੀ ਵਧੇਗਾ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਅਨੇਕਾਂ ਪ੍ਰਕਾਰ ਦੀਆਂ ਸਾਹ, ਚਮੜੀ ਆਦਿ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁਧਤਾ ਅਤੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਅਸੀਂ ਸਾਰੇ ਰੱਲ ਮਿਲ ਕੇ ਅੱਗੇ ਆਈਏ ਅਤੇ ਪਰਾਲੀ ਨੂੰ ਅੱਗ ਨਾ ਲਗਾਈਏ।