ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਚੱਲ ਰਹੇ ਕਿਸਾਨਾਂ ਦੇ ਧਰਨੇ ਦਾ ਮੀਂਹ ਕਾਰਨ ਹੋਇਆ ਨੁਕਸਾਨ

ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਤਿੰਨ ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਨੂੰ ਮੀਂਹ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਲੱਗੇ ਪੱਕੇ ਮੋਰਚੇ ਵਿੱਚ ਜਿੱਥੇ ਪੱਕੇ ਧਰਨੇ ਲਈ ਬਣਾਈ ਗਈ ਪੱਕੀ ਸਟੇਜ ਢਹਿ ਗਈ, ਉਥੇ ਲੋਹੇ ਦੀਆਂ ਪਾਈਪਾਂ ਸਮੇਤ ਵਿਸ਼ਾਲ ਪੰਡਾਲ ਵੀ ਢਹਿ ਗਿਆ। ਬੇਸ਼ੱਕ ਖਰਾਬ ਮੌਸਮ ਦੇ ਮੱਦੇਨਜ਼ਰ ਪੰਡਾਲ ਨੂੰ ਵਾਟਰ ਪਰੂਫ ਬਣਾਉਣ ਲਈ ਟੈਂਟ 'ਤੇ ਪਹਿਲਾਂ ਹੀ ਕਾਲੇ ਰੰਗ ਦੀ ਪਲਾਸਟਿਕ ਦੀ ਤਰਪਾਲ ਪਾ ਦਿੱਤੀ ਗਈ ਸੀ ਪਰ ਲੋਹੇ ਦੀਆਂ ਪਾਈਪਾਂ ਬਰਸਾਤ ਦੇ ਪਾਣੀ ਦਾ ਬੋਝ ਉਸ 'ਤੇ ਨਾ ਸਹਾਰ ਸਕੀਆਂ ਅਤੇ ਸਾਰਾ ਪੰਡਾਲ ਹੀ ਪਾਣੀ 'ਚ ਡਿੱਗ ਪਿਆ। ਕਿਸਾਨਾਂ ਵੱਲੋਂ ਟਰੈਕਟਰ-ਟਰਾਲੀਆਂ ਵਿੱਚ ਬਣਾਏ ਗਏ ਕਮਰਿਆਂ ਨੇ ਜਿੱਥੇ ਕਿਸਾਨਾਂ ਨੂੰ ਸਿਰ ਛੁਪਾਉਣ ਲਈ ਕੁਝ ਰਾਹਤ ਦਿੱਤੀ ਹੈ, ਉੱਥੇ ਹੀ ਥਾਂ-ਥਾਂ ਪਾਣੀ ਭਰਿਆ ਹੋਣ ਕਾਰਨ ਰਾਸ਼ਨ ਦਾ ਸਮਾਨ ਸੰਭਾਲਣਾ ਵੀ ਕਿਸਾਨਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜਿਸ ਕਾਰਨ ਸਾਰੇ ਕਿਸਾਨ ਆਪੋ-ਆਪਣੀਆਂ ਟਰਾਲੀਆਂ ਵਿੱਚ ਰਾਸ਼ਨ ਇਕੱਠਾ ਕਰਨ ਵਿੱਚ ਰੁੱਝੇ ਹੋਏ ਸਨ ਅਤੇ ਇਸ ਦੌਰਾਨ ਉਹ ਆਪ ਹੀ ਲੁਕ ਕੇ ਬੈਠ ਗਏ।