ਫਾਜਿਲਕਾ 25 ਅਗਸਤ : ਪ੍ਰਬੰਧ ਨਿਰਦੇਸ਼ਕ, ਸੂਗਰਫੈੱਡ, ਪੰਜਾਬ ਜੀ ਦੇ ਨਿਰਦੇਸ਼ਾਂ ਅਨੁਸਾਰ ਫਾਜਿਲਕਾ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਵੱਲੋਂ ਇਲਾਕੇ ਦੇ ਕਿਸਾਨਾਂ ਲਈ ਅੱਸੂ-ਕੱਤਕ ਦੀ ਗੰਨੇ ਦੀ ਫਸਲ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਪ੍ਰਬੰਧ ਨਿਰਦੇਸ਼ਕ, ਸੂਗਰਫੈੱਡ, ਪੰਜਾਬ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਆਈ.ਏ. ਐਸ. ਜ਼ੋ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ ਅਤੇ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ, ਵਾਈਸ ਚੇਅਰਮੈਨ ਅਤੇ ਬੋਰਡ ਦੇ ਮੈਂਬਰ ਉਚੇਚੇ ਤੌਰ ਤੇ ਸ਼ਾਮਿਲ ਹੋਏ। ਸੂਗਰਫੈੱਡ ਪੰਜਾਬ ਦੇ ਪ੍ਰਬੰਧ ਨਿਰਦੇਸ਼ਕ, ਸ੍ਰੀ ਅਰਵਿੰਦ ਪਾਲ ਸਿੰਘ ਸੰਧੂ, ਆਈ.ਏ.ਐਸ. ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਗੰਨੇ ਦੇ ਮਾਹਿਰਾਂ ਨਾਲ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਲਏ ਗਏ ਫੈਸਲੇ ਅਨੁਸਾਰ ਪੰਜਾਬ ਦੀਆਂ ਸਮੂਹ 9 ਸਹਿਕਾਰੀ ਖੰਡ ਮਿੱਲਾਂ ਵਿੱਚ ਕਿਸਾਨ ਸੈਮੀਨਾਰ ਕਰਵਾਏ ਗਏ ਹਨ ਅਤੇ ਏਸੇ ਲੜੀ ਵਿੱਚ ਅੱਜ ਇਸ ਮਿੱਲ ਵਿੱਚ ਆਖਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੇ ਵਾਤਾਵਰਣ ਅਨੁਸਾਰ ਗੰਨੇ ਦੇ ਬੀਜ ਦੀ ਢੁਕਵੀਂ ਕਿਸਮ ਦੀ ਚੋਣ ਕਰਕੇ ਹੀ ਗੰਨੇ ਦੀ ਬਿਜਾਈ ਕੀਤੀ ਜਾਵੇ ਤਾਂ ਜ਼ੋ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਪ੍ਰਬੰਧ ਨਿਰਦੇਸ਼ਕ ਦੇ ਸੱਦੇ 'ਤੇ ਵਿਸ਼ੇਸ਼ ਤੌਰ ਤੇ ਇਸ ਕਿਸਾਨ ਸੈਮੀਨਾਰ ਵਿੱਚ ਬੁਲਾਇਆ ਗਿਆ ਅਤੇ ਮਾਹਿਰਾਂ ਵੱਲੋਂ ਇਲਾਕੇ ਦਾ ਗੰਨਾ ਕਾਸ਼ਤਕਾਰਾਂ ਨੂੰ ਵਿਸਥਾਰਪੂਰਵਕ ਗੰਨੇ ਦੀਆਂ ਨਵੀਆਂ ਕਿਸਮਾਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਜਾਣਕਾਰੀ ਦਿੱਤੀ। ਪ੍ਰਬੰਧ ਨਿਰਦੇਸ਼ਕ ਸੂਗਰਫੈੱਡ ਪੰਜਾਬ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਖੰਡ ਦੀ ਰਿਕਵਰੀ ਨੂੰ ਵਧਾਉਂਣ ਲਈ ਕਿਸਾਨ ਭਰਾ ਮਿੱਲ ਵਿੱਚ ਪਿੜਾਈ ਲਈ ਸਾਫ ਸੁਥਰਾ, ਆਗ, ਖੋਰੀ ਅਤੇ ਜੜ੍ਹਾਂ ਤੋਂ ਰਹਿਤ ਅਤੇ ਪੂਰੀ ਤਰਾਂ ਪੱਕਿਆ ਗੰਨਾ ਹੀ ਮਿੱਲ ਨੂੰ ਸਪਲਾਈ ਕਰਨ ਤਾਂ ਜੋ ਆਉਂਦੇ ਸੀਜ਼ਨ ਦੌਰਾਨ ਸੂਗਰਫੈੱਡ ਪੰਜਾਬ ਵੱਲੋਂ ਖੰਡ ਦੀ ਰਿਕਵਰੀ ਦਾ ਤਹਿ ਕੀਤਾ 10.50% ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਕਿਸਾਨਾਂ ਨੂੰ ਗੰਨੇ ਦੀ ਤਕਨੀਕੀ ਜਾਣਕਾਰੀ ਦਿੰਦਿਆਂ ਡਾ. ਗੁਲਜਾਰ ਸਿੰਘ ਸੰਘੇੜਾ, ਡਾਇਰੈਕਟਰ, ਸੂਗਰਕੇਨ ਰਿਸਰਚ ਸੈਂਟਰ, ਕਪੂਰਥਲਾ ਅਤੇ ਡਾ. ਰਾਜਿੰਦਰ ਕੁਮਾਰ, ਐਨਟੋਮੋਲੋਜਿਸਟ, ਵੱਲੋਂ ਕਿਸਾਨਾਂ ਨੂੰ ਗੰਨੇ ਦੀ ਬੀਜ ਦੀ ਇਲਾਕੇ ਦੇ ਵਾਤਾਵਰਣ ਅਨੁਸਾਰ ਸਹੀ ਚੋਣ ਕਰਨ, ਗੰਨੇ ਦੀ ਨਵੀਆਂ ਤਕਨੀਕਾਂ ਨਾਲ ਬਿਜਾਈ ਕਰਨ ਤੋਂ ਇਲਾਵਾ ਗੰਨੇ ਦੀ ਫਸਲ ਨੂੰ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਅਤੇ ਗੰਨੇ ਦੀ ਫਸਲ ਦੇ ਨਾਲ ਨਾਲ ਦੂਸਰੀ ਫਸਲ ਬੀਜਣ (inter-cropping) ਸੰਬੰਧੀ ਜਾਣੂ ਕਰਵਾਇਆ ਗਿਆ ।ਅੱਸੂ-ਕੱਤੇ ਦੀ ਬਿਜਾਈ ਵਿਚ ਅਗੇਤੀ ਪਕਣ ਵਾਲੀਆਂ ਕਿਸਮਾਂ (CoPb95, CoPb96, Co118, Co15023, Co89003 and CoPb92) ਅਤੇ ਬਹਾਰ ਰੁੱਤ ਦੀ ਬਿਜਾਈ ਲਈ ਦਰਮਿਆਈ ਪੱਕਣ ਵਾਲੀਆਂ ਕਿਸਮਾਂ (CoPb98, CoPb94 and Co238) ਦੀ ਸਹੀ ਅਨੁਪਾਤ ਵਿੱਚ ਗੰਨੇ ਦੀ ਬਿਜਾਈ ਦੀ ਸਿਫਾਰਸ਼ ਕੀਤੀ ਗਈ ਅਤੇ ਇਹਨਾਂ ਨੂੰ 4 ਫੁੱਟ ਟਰੈਂਚ ਵਿਧੀ ਨਾਲ ਲਗਾਉਂਣ ਦੀ ਸਿਫਾਰਸ ਕੀਤੀ ਤਾਂ ਜੋ ਕਿਸਾਨਾਂ ਨੂੰ ਵੱਧ ਝਾੜ ਪ੍ਰਾਪਤ ਹੋ ਸਕੇ ਅਤੇ ਮਿੱਲ ਨੂੰ ਚੰਗੀ ਰਿਕਵਰੀ ਮਿੱਲ ਸਕੇ। ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਕੈਰੋਂ ਵੱਲੋਂ ਗੰਨਾ ਕਾਸ਼ਤਕਾਰਾਂ ਲਈ ਮਿੱਲ ਵੱਲੋਂ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ।ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਗੰਨੇ ਦੀ ਬਕਾਇਆ ਰਹਿੰਦੀ ਅਦਾਇਗੀ ਪੰਜਾਬ ਸਰਕਾਰ ਦੁਆਰਾ ਕਰ ਦਿੱਤੀ ਗਈ ਹੈ, ਇਸ ਲਈ ਕਿਸਾਨ ਵੱਧ ਤੋਂ ਵੱਧ ਰਕਬੇ ਵਿੱਚ ਗੰਨੇ ਦੀ ਬਿਜਾਈ ਕਰਨ ਤਾਂ ਜੋ ਮਿੱਲ ਗੰਨੇ ਪੱਖੋਂ ਆਪਣੇ ਪੈਰਾਂ ਤੇ ਖੜੀ ਹੋ ਸਕੇ ਅਤੇ ਇਸ ਦੇ ਨਾਲ ਨਾਲ ਇਸ ਬਾਰਡਰ ਏਰੀਏ ਦੀ ਤਰੱਕੀ ਵਿੱਚ ਵਾਧਾ ਹੋ ਸਕੇ।