- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪੰਥਕ ਸੋਚ ਦੇ ਧਾਰਨੀਆਂ ਨੂੰ ਇਕ ਪਲੇਟਫਾਰਮ ਤੇ ਇਕਜੁੱਟ ਹੋਣ ਦਾ ਸੱਦਾ
ਮੋਗਾ, 16 ਅਗਸਤ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਪਾਰਟੀ ਦੇ ਸਮੂਹ ਅਹੁਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਮੋਗਾ ਵਿਖੇ ਹੋਈ। ਜਿਸ ਵਿਚ ਸਿੱਖ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਪੰਥਕ ਸੋਚ ਤੇ ਧਾਰਨੀਆਂ ਨੂੰ ਇਕ ਪਲੇਟਫਾਰਮ ਤੇ ਇੱਕਜੁਟ ਹੋਣ ਦਾ ਸੱਦਾ ਦਿੱਤਾ ਗਿਆ ਅਤੇ ਸਮੁੱਚੇ ਪੰਜਾਬ ਵਿਚ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਾਰਟੀ ਵੱਲੋਂ ਪਿੰਡ ਲੌਂਗੋਵਾਲ ਵਿਖੇ ਮਹਾਨ ਸ਼ਹੀਦ ਸੰਤ ਹਰਚੰਦ ਸਿੰਘ ਲੌਗੋਵਾਲ ਦੀ 20 ਅਗਸਤ ਨੂੰ ਕਰਵਾਏ ਜਾ ਰਹੇ ਬਰਸੀਂ ਸਮਾਗਮ ਬਾਰੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਪ੍ਰੈਸ ਨੂੰ ਜਾਰੀ ਬਿਆਨ ਵਿਚ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾ ਕੇ ਉਹਨਾਂ ਦੀ ਸੇਵਾ ਸੰਭਾਲ ਪੰਥਕ ਭਾਵਨਾ ਰੱਖਣ ਵਾਲੇ ਗੁਰਸਿੱਖਾਂ ਨੂੰ ਸੌਪਣਾ ਹੀ ਸਾਡਾ ਮੁੱਖ ਮੰਤਵ ਹੈ। ਇਸ ਲਈ ਅਜੋਕੇ ਸਮੇਂ ਵਿਚ ਸਿੱਖ ਪੰਥ ਅਤੇ ਪੰਜਾਬ ਦੀ ਬਿਹਤਰੀ ਲਈ ਸਾਰੀਆਂ ਪੰਥਕ ਧਿਰਾਂ ਦਾ ਇੱਕਜੁੱਟ ਹੋਣਾ ਬੇਹੱਦ ਲਾਜ਼ਮੀ ਹੈ। ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਇਕੋ ਆਵਾਜ਼ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਗਲਬਾ ਪੂਰਨ ਤੌਰ `ਤੇ ਖਤਮ ਕਰਨ ਲਈ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਪੰਥ ਅਤੇ ਪੰਜਾਬ ਵਿਰੋਧੀ ਬਾਦਲ ਪਰਿਵਾਰ ਨੂੰ ਛੱਡ ਕੇ ਅਕਾਲੀ ਦਲ ਦੇ ਅਸਲ ਸਿਧਾਂਤਾਂ ਦਾ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵਿੱਚ ਸ਼ਾਮਿਲ ਹੋਣ। ਜਿਸ ਨਾਲ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਬਣਾਇਆ ਜਾ ਸਕੇ। ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ `ਤੇ ਹਮਲਾ ਬੋਲਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਅਮਨ ਕਾਨੂੰਨ ਕਾਇਮ ਰੱਖਣ ਦੇ ਬਹਾਨੇ ਅਪਣੀ ਦਮਨਕਾਰੀ ਨੀਤੀਆਂ ਲਾਗੂ ਕਰਕੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਸੰਗੀਨ ਝੂਠੇ ਮੁਕੱਦਿਆਂ ਵਿਚ ਫਸਾਇਆ ਗਿਆ ਹੈ। ਇਸ ਤੋਂ ਇਲਾਵਾ ਮਾਨ ਸਰਕਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਅਤੇ ਸਿੱਖ ਗੁਰਦੁਆਰਾ ਐਕਟ 1925 ਵਿਚ ਛੇੜਛਾੜ ਕਰਕੇ ਸਿੱਧੇ ਤੌਰ `ਤੇ ਸਿੱਖ ਮਸਲਿਆਂ ਵਿਚ ਦਖ਼ਲਅੰਦਾਜੀ ਕਰ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ `ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਸਿੱਖ ਗੁਰਦੁਆਰਾ ਸੋਧ ਬਿੱਲ ਪਾਸ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਹੈ। ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਸੋਢੀ ਨੇ ਹਰਸਿਮਰਤ ਕੌਰ ਬਾਦਲ `ਤੇ ਵਰਦਿਆਂ ਕਿਹਾ ਕਿ ਅੱਜ ਜਦੋਂ ਪੰਜਾਬਵਾਸੀਆਂ ਨੇ ਬਾਦਲ ਦਲ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪੰਥ, ਪੰਜਾਬ ਅਤੇ ਬੰਦੀ ਸਿੰਘ ਬਹੁਤ ਯਾਦ ਆ ਰਹੇ ਹਨ ਜਦਕਿ ਜਦੋਂ ਇਨ੍ਹਾਂ ਦੀ ਪੰਜਾਬ ਵਿਚ ਸਰਕਾਰ ਸੀ ਉਦੋਂ ਇਹ ਬੰਦੀ ਸਿੰਘਾਂ ਨੂੰ ਅਤਿਵਾਦੀ ਦੱਸਦੇ ਸਨ। ਸੋਢੀ ਨੇ ਕਿਹਾ ਕਿ ਬਾਦਲ ਦਲ ਨੂੰ ਅਜਿਹੇ ਦੋਹਰੇ ਮਾਪਦੰਡ ਅਪਣਾਉਣ ਤੋਂ ਬਾਜ਼ ਆਉਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਜਿ਼ਲ੍ਹਾ ਮੋਗਾ ਦੇ ਪ੍ਰਧਾਨ ਜਗਤਾਰ ਸਿੰਘ ਰਾਜੇਆਣਾ ਨੇ ਕਿਹਾ ਕਿ ਮੋਗਾ ਜਿ਼ਲ੍ਹਾ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਨੀਤੀਆਂ ਕਾਰਨ ਪੰਥਕ ਸੋਚ ਦੇ ਧਾਰਨੀ ਲੋਕ ਅਕਾਲੀ ਦਲ ਤੋਂ ਪਾਸਾ ਵੱਟ ਗਏ ਹਨ। ਇਸ ਲਈ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਬੇਹੱਦ ਲੋੜ ਹੈ। ਇਸ ਮੌਕੇ ਸੀਨੀਅਰ ਆਗੂ ਸ.ਸਰਵਣ ਸਿੰਘ ਫਿਲੌਰ, ਸ.ਰਣਜੀਤ ਸਿੰਘ ਤਲਵੰਡੀ, ਸ.ਜਗਦੀਸ਼ ਸਿੰਘ ਗਰਚਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ.ਹਰਵੇਲ ਸਿੰਘ ਮਾਧੋਪੁਰ,ਸ. ਸੁਖਵਿੰਦਰ ਸਿੰਘ ਔਲਖ, ਮਾਸਟਰ ਜੌਹਰ ਸਿੰਘ, ਬੀਬੀ ਹਰਜੀਤ ਕੌਰ ਤਲਵੰਡੀ, ਸ.ਮਨਜੀਤ ਸਿੰਘ ਭੋਮਾ, ਸ.ਜਗਤਾਰ ਸਿੰਘ ਰਾਜੇਆਣਾ, ਸ.ਗੁਰਬਚਨ ਸਿੰਘ ਬਚੀ ਅਤੇ ਮੁਹੰਮਦ ਤੂਫੈਲ ਮਲਿਕ,ਸ.ਦਵਿੰਦਰ ਸਿੰਘ ਸੋਢੀ, ਸ.ਰਣਧੀਰ ਸਿੰਘ ਰੱਖੜਾ, ਸ.ਦਲਜੀਤ ਸਿੰਘ ਅਮਰਕੋਟ, ਸ.ਸਤਵਿੰਦਰਪਾਲ ਸਿੰਘ ਢੱਟ, ਸ.ਅਮਰਿੰਦਰ ਸਿੰਘ ਚੰਡੀਗੜ੍ਹ, ਸ. ਭੋਲਾ ਸਿੰਘ ਗਿੱਲਪਤੀ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਵੱਡੀ ਗਿਣਤੀ ਵਿਚ ਪਾਰਟੀ ਦੇ ਅਹੁਦੇਦਾਰ ਵੀ ਮੌਜੂਦ ਸਨ। ਜਿਸ ਵਿਚ ਸ. ਦਮਨਵੀਰ ਸਿੰਘ ਫਿਲੌਰ, ਸ.ਜਗਰੂਪ ਸਿੰਘ ਘੱਲਕਲਾਂ,ਡਾ.ਮੇਜਰ ਸਿੰਘ,ਸ. ਸਤਿਗੁਰ ਸਿੰਘ ਨਮੋਲ,ਸ. ਪ੍ਰਿਤਪਾਲ ਸਿੰਘ ਹਾਂਡਾ, ਸ. ਮਨਜੀਤ ਸਿੰਘ ਬੱਪੀਆਣਾ,ਸ. ਸੁਖਮਨਦੀਪ ਸਿੰਘ ਡਿੰਪੀ, ਸ. ਮਨਜੀਤ ਸਿੰਘ ਮੱਲੇਵਾਲ, ਸ. ਗੁਰਜਿੰਦਰ ਸਿੰਘ ਗਰੇਵਾਲ, ਸ. ਦਲਜੀਤ ਸਿੰਘ ਅਮਰਕੋਟ, ਸ. ਹਰਪ੍ਰੀਤ ਸਿੰਘ ਗੁਰਮ,ਸ. ਸ਼ਮਿੰਦਰ ਸਿੰਘ ਮੁਕਤਸਰ, ਸ. ਗੁਰਦੇਵ ਸਿੰਘ ਵਿਰਕ, ਸ. ਕੁਲਦੀਪ ਸਿੰਘ ਸਿੱਧੂ, ਸ. ਜਗਦੀਪ ਸਿੰਘ ਹੈਪੀ ਮੋਗਾ, ਬੀਬੀ ਬਲਜੀਤ ਕੌਰ ਮੋਗਾ, ਮਾਸਟਰ ਆਤਮਾ ਸਿੰਘ ਮੋਗਾ,ਸ. ਹਰਮਨਜੀਤ ਸਿੰਘ ਗਿੱਲ, ਸ. ਰਮਨਦੀਪ ਸਿੰਘ ਗਿੱਲ ਜਗਰਾਓ ਅਤੇ ਸ. ਤੇਜਿੰਦਰ ਸਿੰਘ ਸਿਆਲ ਜਲੰਧਰ ਆਦਿ ਸ਼ਾਮਿਲ ਸਨ।