ਲੁਧਿਆਣਾ, 24 ਅਗਸਤ : ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪਾ ਮਾਰਿਆ ਹੈ। ਈ.ਡੀ. ਦੀ ਟੀਮ ਸਵੇਰੇ ਲੁਧਿਆਣਾ ਦੀ ਕੋਚਰ ਮਾਰਕੀਟ ਨੇੜੇ ਆਸ਼ੂ ਦੇ ਘਰ ਪਹੁੰਚੀ। ਇਸ ਤੋਂ ਇਲਾਵਾ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਅਧਿਕਾਰੀਆਂ ਦੇ ਘਰਾਂ ਦੀ ਵੀ ਜਾਂਚ ਕੀਤੀ ਗਈ। ਅਨਾਜ ਢੋਆ-ਢੁਆਈ ਘਪਲੇ ਦੇ ਇਲਜ਼ਾਮਾਂ ਵਿਚਕਾਰ ਇਸ ਮਾਮਲੇ ਦੇ ਸਬੰਧ ਵਿੱਚ ਈ.ਡੀ. ਦੀ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਦਕਿ ਸਾਬਕਾ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਭੂਸ਼ਣ ਸਾਬਕਾ ਕਾਂਗਰਸ ਸਰਕਾਰ ਵਿੱਚ ਖੁਰਾਕ ਅਤੇ ਸਪਲਾਈ ਮੰਤਰੀ ਸਨ। ਉਸ ਦੌਰਾਨ ਆਸ਼ੂ 'ਤੇ ਅਨਾਜ ਦੀ ਢੋਆ-ਢੁਆਈ ਸਮੇਤ ਕਈ ਹੋਰ ਘਪਲੇ ਕਰਨ ਦੇ ਇਲਜ਼ਾਮ ਲੱਗੇ ਸਨ। ਪੰਜਾਬ ਸਰਕਾਰ ਨੇ ਆਸ਼ੂ ਖ਼ਿਲਾਫ਼ ਲੁਧਿਆਣਾ ਸਮੇਤ ਹੋਰ ਥਾਵਾਂ ’ਤੇ ਕੇਸ ਦਰਜ ਕੀਤੇ ਹਨ। ਦੱਸ ਦੇਈਏ ਕਿ ਇਸ ਕਾਰਨ ਆਸ਼ੂ ਨੂੰ ਕਈ ਮਹੀਨੇ ਜੇਲ੍ਹ ਕੱਟਣੀ ਪਈ ਅਤੇ ਹੁਣ ਉਹ ਜ਼ਮਾਨਤ 'ਤੇ ਬਾਹਰ ਹਨ। ਈ.ਡੀ. ਨੇ ਵਿਜੀਲੈਂਸ ਤੋਂ ਅਨਾਜ ਘੁਟਾਲੇ ਦੇ ਕਾਗਜ਼ ਲਏ ਸਨ। ਇਸ ਤੋਂ ਬਾਅਦ ਜਾਂਚ ਪ੍ਰਕਿਰਿਆ ਦੇ ਹਿੱਸੇ ਵਜੋਂ ਅੱਜ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਈ.ਡੀ. ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਮੁਹਾਲੀ ਦੇ ਪਿੰਡ ਮੁੱਲਾਂਪੁਰ ਵਿੱਚ ਵੀ ਛਾਪਾ ਮਾਰਿਆ ਹੈ। ਹਾਲਾਂਕਿ ਈ.ਡੀ. ਆਪਣੀ ਅੱਜ ਦੀ ਕਾਰਵਾਈ ਸਬੰਧੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਿਹੀ ਹੈ। ਮੁਲਜ਼ਮ ਆਸ਼ੂ ਦੇ ਲੁਧਿਆਣਾ ਸਥਿਤ ਘਰ ਅਤੇ ਮੁਲਜ਼ਮਾਂ ਦੇ ਛੁਪਣਗਾਹ ਮੁੱਲਾਂਪੁਰ ਵਿੱਚ ਵੀ ਦਸਤਾਵੇਜ਼ਾਂ ਦੀ ਤਲਾਸ਼ੀ ਜਾਰੀ ਹੈ। ਦਰਅਸਲ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਠੇਕੇਦਾਰ ਤੇਲੂ ਰਾਮ, ਸੰਦੀਪ ਭਾਟੀਆ ਅਤੇ ਜਗਰੂਪ ਸਿੰਘ ਦੀ ਸ਼ਮੂਲੀਅਤ ਦੇ ਇਲਜ਼ਾਮ ਹਨ। ਇਸ ਦੇ ਨਾਲ ਹੀ ਆਸ਼ੂ ਦੇ ਪੀ.ਏ. ਮੀਨੂੰ ਪੰਕਜ ਮਲਹੋਤਰਾ ਅਤੇ ਕਰੀਬੀ ਇੰਦਰਜੀਤ ਸਿੰਘ ਇੰਡੀ ਦੇ ਪੰਜਾਬ ਤੋਂ ਬਾਹਰ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ। ਇਸ ਸਬੰਧੀ ਪੰਜਾਬ ਵਿਜੀਲੈਂਸ ਵੱਲੋਂ 16 ਅਗਸਤ 2022 ਨੂੰ ਕੇਸ ਦਰਜ ਕੀਤਾ ਗਿਆ ਸੀ। ਤੇਲੂ ਰਾਮ ਠੇਕੇਦਾਰ, ਜਗਰੂਪ ਸਿੰਘ ਮਾਨ, ਸਾਥੀ ਮੈਸਰਜ਼ ਗੁਰਦਾਸ ਰਾਮ ਐਂਡ ਕੰਪਨੀ ਅਤੇ ਸੰਦੀਪ ਭਾਟੀਆ ਵਿਰੁੱਧ ਧਾਰਾ 420, 409, 467, 468, 471, 120-ਬੀ ਆਈ.ਪੀ.ਸੀ. ਅਤੇ 7, 8, 12, 13(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਰ ਤੇਲੂ ਰਾਮ ਅਤੇ ਸਾਬਕਾ ਮੰਤਰੀ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਸਮੇਂ-ਸਮੇਂ 'ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਆਸ਼ੂ 'ਤੇ ਦੋ ਹਜ਼ਾਰ ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਹੈ। ਆਸ਼ੂ ’ਤੇ ਛੋਟੇ ਠੇਕੇਦਾਰਾਂ ਵੱਲੋਂ ਕਥਿਤ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਢੋਆ-ਢੁਆਈ ਦੇ ਟੈਂਡਰਾਂ ਵਿੱਚ ਬੇਨਿਯਮੀਆਂ ਹੋਈਆਂ ਹਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ 20-25 ਲੋਕਾਂ ਨੂੰ ਹੀ ਫਾਇਦਾ ਪਹੁੰਚਾਇਆ ਗਿਆ। ਜਦਕਿ ਮੁਲਜ਼ਮ ਆਸ਼ੂ ਦਾ ਕਹਿਣਾ ਹੈ ਕਿ ਇਹ ਟੈਂਡਰ ਡੀ.ਸੀ. ਦੀ ਅਗਵਾਈ ਵਾਲੀ ਕਮੇਟੀਆਂ ਵੱਲੋਂ ਅਲਾਟ ਕੀਤੇ ਗਏ ਹਨ। ਉਸ 'ਤੇ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਹੈ।