ਲੁਧਿਆਣਾ, 19 ਅਗਸਤ : ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਇਹ ਸ਼ਹਿਦ ਵਰਗੇ ਤਰਲ ਸੋਨੇ ਨੂੰ ਦਵਾਈ ਹੀ ਸਮਝਦੇ ਹਨ ਜਦ ਕਿ ਇਹ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ। ਇਹ ਵਿਚਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਉੱਘੇ ਖੇਤੀ ਪਸਾਰ ਵਿਗਿਆਨੀ ਤੇ ਪ੍ਰਸਿੱਧ ਨਾਟਕਕਾਰ ਡਾਃ ਅਨਿਲ ਸ਼ਰਮਾ ਨੇ ਖ਼ੁਰਾਕ ਸਬੰਧੀ ਵਹਿਮ ਭਰਮ ਵਿਸ਼ੇ ਤੇ ਵਿਚਾਰ ਚਰਚਾ ਕਰਦਿਆਂ ਕਹੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਡਿਪਟੀ ਡਾਇਰੈਕਟਰ(ਟੀ ਵੀ ਤੇ ਰੇਡੀਉ) ਵਜੋਂ ਕਾਰਜਸ਼ੀਲ ਡਾਃ ਸ਼ਰਮਾ ਨੇ ਕਿਹਾ ਕਿ ਸ਼ਹਿਦ ਖਾਣ ਬਾਰੇ ਗਰਮ ਸਰਦ ਦਾ ਵਹਿਮ ਵੀ ਨਿਰਮੂਲ ਹੈ। ਇਹ ਸੰਪੂਰਨ ਖ਼ੁਰਾਕ ਹੈ ਅਤੇ ਸੁਡੌਲ ਸਰੀਰ ਲਈ ਇਹ ਵਡਮੁੱਲੀ ਖ਼ੁਰਾਕ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ ਨੂੰ ਪੰਜਾਬ ਖੇਤੀ ਯੂਨੀਵਰਸਿਟੀ ਦੀ ਦੇਖ ਰੇਖ ਹੇਠ ਕੰਮ ਕਰਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਸ਼ਹਿਦ ਦੇ ਦੋ ਡੱਬੇ ਭੇਟ ਕਰਦਿਆਂ ਕਿਹਾ ਕਿ ਸਮਾਜਿਕ ਚੇਤਨਾ ਲਈ ਸਿਆਸਤਦਾਨ, ਗਾਇਕ,ਲੇਖਕ ਤੇ ਮੀਡੀਆ ਕਰਮੀ ਰਲ ਕੇ ਹੰਭਲਾ ਮਾਰਨ ਤਾਂ ਜੋ ਸ਼ਹਿਦ ਚੇਤਨਾ ਦਾ ਪਸਾਰ ਹੋ ਸਕੇ। ਸਃ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਉਹ ਕੱਲ੍ਹ ਤੋਂ ਹੀ ਇਸ ਸ਼ੁਭ ਕਾਰਜ ਦਾ ਆਰੰਭ ਕਰਨਗੇ ਅਤੇ ਹਰ ਸੰਬੋਧਨ ਵਿੱਚ ਸ਼ਹਿਦ ਚੇਤਨਾ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦੋਰਾਹਾ ਨੇ ਜਿੱਥੇ ਸ਼ਹਿਦ ਉਤਪਾਦਨ ਵਿੱਚ ਪੰਜਾਬ ਦੀ ਅਗਵਾਈ ਕੀਤੀ ਹੈ, ਉਥੇ ਖ਼ੁਰਾਕ ਦਾ ਹਿੱਸਾ ਬਣਾਉਣ ਲਈ ਵੀ ਵਿਦਿਅਕ ਅਦਾਰਿਆਂ ਤੇ ਸਮਾਜਿਕ ਇਕੱਠਾਂ ਵਿੱਚ ਗੱਲ ਅੱਗੇ ਤੋਰਨਗੇ।ਇਸ ਮੌਕੇ ਉੱਘੇ ਲੋਕ ਗਾਇਕ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਸੀਨੀਅਰ ਬੀ ਜੇ ਪੀ ਆਗੂ ਅਮਰਜੀਤ ਸਿੰਘ ਟਿੱਕਾ, ਡਾਃ ਨਿਰਮਲ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਪੀ ਏ ਯੂ ਲੁਧਿਆਣਾ, ਜਸਮੇਰ ਸਿੰਘ ਢੱਟ ਚੇਅਰਮੈਨ ਸੱਭਿਆਚਾਰਕ ਸੱਥ ਪੰਜਾਬ ਤੇ ਡਾਃ ਰਣਜੀਤ ਸਿੰਘ ਪੀਏਯੂ ਵੀ ਹਾਜ਼ਰ ਸਨ