
- 100 ਦਿਵਿਆਂਗਜਨਾਂ ਨੂੰ 16.21 ਲੱਖ ਦੀਆਂ 100 ਮੋਟਰਾਇਜ਼ਡ ਟਰਾਈਸਾਈਕਲਾਂ ਦੀ ਵੰਡ
- ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਿਵਿਆਂਗਜਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਆ
ਮੋਗਾ 19 ਫਰਵਰੀ 2025 : ਪਾਵਰ ਫਾਇਨਾਂਸ ਕਾਰਪੋਰੇਸ਼ਨ ਲਿਮ. ਦੇ ਸੀ.ਐਸ.ਆਰ. ਪ੍ਰੋਗਰਾਮ ਅਧੀਨ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਤੇ ਅਲਿਮਕੋ ਦੇ ਸਾਂਝੇ ਸਹਿਯੋਗ ਨਾਲ ਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਵਿਖੇ ਦਿਵਿਆਂਗਜਨਾਂ ਲਈ ਸਹਾਇਕ ਸਮੱਗਰੀ ਵੰਡ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਪਹਿਲਾਂ ਤੋਂ ਅਸਿਸਮੈਂਟ ਕੀਤੇ ਗਏ 100 ਦਿਵਿਆਂਗਜਨਾਂ ਨੂੰ ਕੁੱਲ 16.21 ਲੱਖ ਰੁਪਏ ਦੀ ਲਾਗਤ ਵਾਲੀਆਂ 100 ਮੋਟਰਾਇਜ਼ਡ ਟਰਾਈਸਾਈਕਲਾਂ ਦੀ ਵੰਡ ਕੀਤੀ ਗਈ। ਇਸ ਕੈਂਪ ਵਿੱਚ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨਾਲ ਨਗਰ ਨਿਗਮ ਮੇਅਰ ਸ੍ਰ. ਬਲਜੀਤ ਸਿੰਘ ਚਾਨੀ ਵੀ ਮੌਜੂਦ ਸਨ। ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ਼੍ਰੀਮਤੀ ਇੰਦਰਪ੍ਰੀਤ ਕੌਰ ਅਤੇ ਅਲਿਮਕੋ ਦੇ ਨੁਮਾਇੰਦੇ ਵੀ ਹਾਜ਼ਰ ਸਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਿਵਿਆਂਗਜਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਉਹਨਾਂ ਦੀ ਭਲਾਈ ਲਈ ਹਰ ਯੋਗ ਉਪਰਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਉਪਕਰਨਾਂ ਨਾਲ ਉਹਨਾਂ ਨੂੰ ਆਪਣੇ ਰੋਜਮਰਾ ਦੇ ਕੰਮ ਆਸਾਨੀ ਨਾਲ ਕਰਨ ਵਿੱਚ ਮਦਦ ਮਿਲੇਗੀ। ਅੱਜ ਦੇ ਯੁੱਗ ਵਿੱਚ ਦਿਵਿਆਂਗਜਨ ਕਿਸੇ ਤੋਂ ਪਿੱਛੇ ਨਹੀਂ ਹਨ ਕਿਉਂਕ ਸਰਕਾਰ ਉਹਨਾਂ ਨੂੰ ਹਰੇਕ ਖੇਤਰ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ। ਉਹਨਾਂ ਦਿਵਿਆਂਗਜਨਾਂ ਨੂੰ ਆਪਣੀ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ ਅਤੇ ਕਿਹਾ ਕਿ ਕੋਈ ਵੀ ਅਜਿਹਾ ਖੇਤਰ ਨਹੀਂ ਹੈ ਜਿਸ ਵਿੱਚ ਦਿਵਿਆਂਗਜਨ ਤਰੱਕੀ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਜਿੰਦਗੀ ਨੂੰ ਸਫਲ ਬਣਾਉਣ ਲਈ ਮਿਸਾਲੀ ਕੰਮ ਕਰਨ।ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਨੇ ਕੈਂਪ ਵਿੱਚ ਸ਼ਿਰਕਤ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕਰਿਤ੍ਰਮ ਅੰਗ ਨਿਰਮਾਣ ਨਿਗਮ (ਅਲੀਮਕੋ), ਜ਼ਿਲ੍ਹਾ ਸਮਾਜ ਭਲਾਈ ਵਿਭਾਗ, ਮੋਗਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਕੇ ਸਫਲ ਬਣਾਇਆ ਗਿਆ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਤਰਫੋਂ ਪੁਰਜ਼ੋਰ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਦਿਵਿਆਂਗਜਨਾਂ ਨੂੰ ਵੱਧ ਵੱਧ ਸਹੂਲਤਾਂ ਮੁਹੱਈਆ ਕਰਵਾ ਕੇ ਉਹਨਾਂ ਨੂੰ ਹਰੇਕ ਪੱਖੋਂ ਉਪਰ ਚੁੱਕਿਆ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ 100 ਦਿਵਿਆਂਗਜਨਾਂ ਦੀ ਕੁਝ ਸਮਾਂ ਪਹਿਲਾਂ ਇੱਕ ਕੈਂਪ ਆਯੋਜਿਤ ਕਰਕੇ ਅਸਿਸਮੈਂਟ/ਰਜਿਸਟ੍ਰੇਸ਼ਨ ਕੀਤੀ ਗਈ ਸੀ।