- ਗੁਣਵਤਾ ਵਿਚ ਕਮੀ ਰਹੀ ਤਾਂ ਹੋਵੇਗੀ ਸਖ਼ਤ ਕਾਰਵਾਈ, ਡਿਪਟੀ ਕਮਿਸ਼ਨਰ ਨੇ ਕੀਤੀ ਤਾੜਨਾ
ਫਾਜਿ਼ਲਕਾ, 26 ਜ਼ੂਨ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈ ਏ ਐਸ ਨੇ ਅੱਜ ਪਿੰਡ ਕੰਧਵਾਲਾ ਅਮਰਕੋਟ ਦਾ ਅਚਾਨਕ ਦੌਰਾ ਕਰਕੇ ਇੱਥੇ ਬਣਾਏ ਜਾ ਰਹੇ ਪੱਕੇ ਖਾਲਿਆਂ ਦੇ ਕੰਮ ਦਾ ਨੀਰਿਖਣ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਿਤ ਪੰਚਾਲ ਆਈਏਐਸ ਵੀ ਉਨ੍ਹਾਂ ਦੇ ਨਾਲ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੌਕੇ ਤੇ ਪਹੁੰਚ ਕੇ ਪੁਰਾਣੇ ਖਾਲਿਆਂ ਦੀ ਕੀਤੀ ਜਾ ਰਹੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਕਿਸਾਨਾਂ ਤੋਂ ਵੀ ਕੰਮ ਦੀ ਗੁਣਵਤਾ ਸਬੰਧੀ ਜਾਣਕਾਰੀ ਲਈ ਅਤੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਵੀ ਜਾਣਕਾਰੀ ਲਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਾਲਿਆਂ ਦੇ ਨਿਰਮਾਣ ਵਿਚ ਪਿੰਡ ਦੇ ਕਿਸਾਨਾਂ ਨੂੰ ਵੀ ਕਮੇਟੀ ਮੈਂਬਰ ਸ਼ਾਮਿਲ ਕੀਤਾ ਗਿਆ ਹੈ ਅਤੇ ਨਿਰਮਾਣ ਕਾਰਜਾਂ ਦੀ ਨਿਗਰਾਨੀ ਵਿਚ ਉਕਤ ਕਮੇਟੀ ਦੀ ਅਹਿਮ ਭੁਮਿਕਾ ਹੈ ਅਤੇ ਅਧਿਕਾਰੀ ਉਕਤ ਕਮੇਟੀ ਮੈਂਬਰ ਕਿਸਾਨਾਂ ਨੂੰ ਵੀ ਪੂਰੀ ਜਾਣਕਾਰੀ ਦੇਣ ਕਿ ਕਿਸ ਤਰਾਂ ਨਿਰਮਾਣ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸਖ਼ਤ ਤਾੜਨਾ ਕੀਤਾ ਕਿ ਜ਼ੇਕਰ ਕਿਸੇ ਕੰਮ ਦੀ ਗੁਣਵਤਾ ਵਿਚ ਕੋਈ ਕਮੀ ਰਹੀ ਤਾਂ ਸਬੰਧਤ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਖੁਦ ਮੌਕੇ ਤੇ ਪਹੁੰਚ ਕੇ ਆਪ ਨਿਰਮਾਣ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ਹਾਜਰ ਲੋਕਾਂ ਦੀਆਂ ਮੁਸਿਕਲਾਂ ਵੀ ਸੁਣੀਆਂ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮਗਨਰੇਗਾ ਤਹਿਤ ਜਿਆਦਾ ਤੋਂ ਜਿਆਦਾ ਪ੍ਰੋਜ਼ੈਕਟ ਤਿਆਰ ਕਰਕੇ ਕੰਮ ਕਰਵਾਏ ਜਾਣ ਤਾਂ ਜ਼ੋ ਪਿੰਡਾਂ ਵਿਚ ਬੁਨਿਆਦੀ ਢਾਂਚੇ ਦੇ ਨਿਰਮਾਣ ਹੋਣ ਦੇ ਨਾਲ ਨਾਲ ਲੋਕਾਂ ਨੂੰ ਰੁਜਗਾਰ ਵੀ ਮਿਲ ਸਕੇ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਟਿਊਬਵੈਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਹਾਜਰ ਸਨ।