- ਸਮੂਹ ਐਸ.ਡੀ.ਐਮਜ਼ ਅਤੇ ਪੁਲਿਸ ਨੂੰ ਸਖਤੀ ਵਰਤ ਕੇ ਹਰ ਹੀਲੇ ਹਾਦਸੇ ਘਟਾਉਣ ਦੀ ਕੀਤੀ ਤਾਕੀਦ
- ਗਤੀ ਸੀਮਾ, ਸ਼ਰਾਬ ਸੇਵਨ ਅਤੇ ਗਲਤ ਪਾਰਕਿੰਗ ਲਈ ਵਧਾਏ ਜਾਣ ਗੱਡੀਆਂ ਦੇ ਚਲਾਨ
- ਸਾਲ 2023 ਦੌਰਾਨ ਫਰੀਦਕੋਟ ਜਿਲ੍ਹੇ ਵਿੱਚ ਸੜਕ ਹਾਦਸਿਆਂ ਵਿੱਚ 41 ਮੌਤਾਂ ਹੋਈਆਂ
ਫਰੀਦਕੋਟ 13 ਜੁਲਾਈ : ਫਰੀਦਕੋਟ ਜਿਲ੍ਹੇ ਵਿੱਚ ਸੜਕ ਹਾਦਸਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋ ਰਹੇ ਇਜ਼ਾਫੇ ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਇਸ ਗੰਭੀਰ ਸਮੱਸਿਆ ਤੋਂ ਹਰ ਹੀਲੇ ਨਿਜ਼ਾਤ ਪਾਉਣ ਲਈ ਅਹਿਮ ਨਿਰਦੇਸ਼ ਪਾਸ ਕੀਤੇ। ਰੋਡ ਸੇਫਟੀ ਕੌਂਸਲ ਸਬੰਧੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਜਿਲ੍ਹਾ ਫਰੀਦਕੋਟ ਵਿੱਚ ਸਿਰਫ ਛੇ ਮਹੀਨਿਆਂ ਵਿੱਚ ਸੜਕ ਹਾਦਸਿਆਂ ਵਿੱਚ 41 ਮੌਤਾਂ ਹੋਣਾ ਬੇਹੱਦ ਗੰਭੀਰ ਮਸਲਾ ਹੈ। ਇਸ ਮਸਲੇ ਨੂੰ ਨਜਿੱਠਣ ਲਈ ਉਨ੍ਹਾਂ ਤਿੰਨੋਂ ਐਸ.ਡੀ.ਐਮਜ਼, ਟਰੈਫਿਕ ਵਿੰਗ, ਜਿਲ੍ਹਾ ਸਿੱਖਿਆ ਅਫਸਰ, ਪੀ.ਡਬਲਊ.ਡੀ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਨੁੰਮਾਇਦਿਆਂ ਨੂੰ ਆਪਣਾ ਸੰਪੂਰਨ ਧਿਆਨ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਲਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਸਿਰੇ ਚੜਾਉਣ ਲਈ ਫੰਡਾਂ ਦੀ ਕਿਸੇ ਵੀ ਕਿਸਮ ਦੀ ਘਾਟ ਨੂੰ ਅੜਚਨ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹੇ ਸੀ.ਸੀ.ਟੀ.ਵੀ ਕੈਮਰਾ ਹੋਵੇ, ਪਾਰਕਿੰਗ ਦੀ ਸਮੱਸਿਆ,ਸਪੀਡੋਮੀਟਰ ਅਤੇ ਐਲਕੋਮੀਟਰ ਦੀ ਖਰੀਦ ਹੋਵੇ, ਸੜਕਾਂ ਦੁਆਲੇ ਪੀਲੀਆਂ ਪੱਟੀਆਂ ਲਗਾਉਣੀਆਂ ਹੋਣ, ਟੋਏ ਭਰਨੇ ਹੋਣ ਜਾਂ ਸਾਈਨ ਬੋਰਡ ਲਗਾਉਣੇ ਹੋਣ, ਇਸ ਸਬੰਧੀ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਮੀਟਿੰਗ ਦੌਰਾਨ ਟਰੈਫਿਕ ਵਿੰਗ ਦੇ ਨੁੰਮਾਇਦਿਆ ਨੇ ਦੱਸਿਆ ਕਿ ਸਾਲ 2023 ਦੌਰਾਨ ਸਭ ਤੋਂ ਵੱਧ 12 ਮੌਤਾਂ ਜੂਨ ਮਹੀਨੇ ਵਿੱਚ, 8 ਮੌਤਾਂ ਮਈ ਮਹੀਨੇ ਵਿੱਚ, 7 ਅਪ੍ਰੈਲ ਵਿੱਚ, 06 ਮਾਰਚ ਵਿੱਚ, 05 ਜਨਵਰੀ ਵਿੱਚ ਅਤੇ 03 ਫਰਵਰੀ ਵਿੱਚ ਹੋਈਆਂ ਹਨ। ਇਨ੍ਹਾਂ ਮੌਤਾਂ ਤੋਂ ਇਲਾਵਾ 63 ਅਜਿਹੇ ਮੰਦਭਾਗੇ ਹਾਦਸੇ ਹੋਏ ਹਨ, ਜਿੰਨਾ ਵਿੱਚ 63 ਲੋਕਾਂ ਦੇ ਗੰਭੀਰ ਰੂਪ ਵਿੱਚ ਸੱਟਾਂ ਲੱਗੀਆਂ ਹਨ। ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨਾਂ ਵਜੋਂ ਮਨੁੱਖੀ ਅਣਗਹਿਲੀ, ਇੰਜੀਨੀਅਰਿੰਗ ਫੌਲਟ, ਸ਼ਰਾਬ ਪੀ ਕੇ ਗੱਡੀ ਚਲਾਉਣਾ ਅਤੇ ਉਚਿੱਤ ਗਤੀ ਸੀਮਾ ਦੀ ਪਾਲਣਾ ਨਾ ਕਰਨਾ ਹੈ। ਚਲਾਨਾਂ ਸਬੰਧੀ ਵੇਰਵਾ ਦਿੰਦਿਆ ਟੈਰਫਿਕ ਕਰਮੀਆਂ ਨੇ ਦੱਸਿਆ ਕਿ ਹੁਣ ਤੱਕ ਇਸ ਸਾਲ 1878 ਚਾਲਾਨ ਕੀਤੇ ਜਾ ਚੁੱਕੇ ਹਨ, ਜਿੰਨਾ ਵਿੱਚੋਂ 555 ਚਲਾਨਾਂ ਦਾ ਭੁਗਤਾਨ ਮੌਕੇ ਤੇ ਹੀ ਕਰਵਾਇਆ ਗਿਆ ਅਤੇ ਇੰਨਾ ਤੋਂ 2.77 ਲੱਖ ਰੁਪਏ ਵਸੂਲ ਪਾਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਤੋਂ ਬਾਅਦ ਵੱਧ ਤੋਂ ਵੱਧ ਚਲਾਨ ਕੀਤੇ ਜਾਣ ਅਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਹਦਾਇਤ ਕੀਤੇ ਕਿ ਉਹ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਤੋਂ ਇਲਾਵਾ ਸਕੂਲੀ ਵਾਹਨਾਂ ਦਾ ਵੀ ਪਹਿਲ ਦੇ ਆਧਾਰ ਤੇ ਨਿਰੀਖਣ ਕਰਨ।