ਲੁਧਿਆਣਾ, 24 ਦਸੰਬਰ : ਸਮਰੱਥ ਕਹਾਣੀਕਾਰ ਸੁਖਜੀਤ ਦੇ ਤੀਜੇ ਕਹਾਣੀ ਸੰਗ੍ਰਹਿ ਮੈਂ ਅਯਨਘੋਸ਼ ਨਹੀਂ ਨੂੰ ਭਾਰਤੀ ਸਾਹਿੱਤ ਅਕਾਡਮੀ ਦਿੱਲੀ ਵੱਲੋਂ ਸਾਲ 2022 ਦਾ ਵੱਕਾਰੀ ਪੁਰਸਕਾਰ ਮਿਲਣਾ ਪੰਜਾਬੀ ਜ਼ਬਾਨ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਪੁਸਤਕ ਨੂੰ ਪੁਰਸਕਾਰ ਮਿਲਣ ਦੀ ਖ਼ਬਰ ਸੁਣਨ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਬਹੁਤ ਤਸੱਲੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਮਾਛੀਵਾੜਾ (ਲੁਧਿਆਣਾ) ਵੱਸਦੇ ਲੇਖਕ ਸੁਖਜੀਤ ਨੇ ਹੁਣ ਤੀਕ ਕੁੱਲ ਪੰਜ ਪੁਸਤਕਾਂ ਲਿਖੀਆਂ ਹਨ ਜਿੰਨ੍ਹਾਂ ਵਿੱਚੋਂ ਤਿੰਨ ਕਹਾਣੀ ਸੰਗ੍ਰਹਿ ਅੰਤਰਾ, ਹੁਣ ਮੈਂ ਇੰਜੁਆਏ ਕਰਦੀ ਹਾਂ ਤੇ ਮੈਂ ਅਯਨਘੋਸ਼ ਨਹੀਂ, ਸ੍ਵੈਜੀਵਨੀ ਮੂਲਕ ਵਾਰਤਕ ਪੁਸਤਕ ਮੈਂ ਜੈਸਾ ਹੂੰ ਵੈਸਾ ਕਿਉਂ ਹੂੰ ਤੇ ਕਾਵਿ ਸੰਗ੍ਰਹਿ ਰੰਗਾਂ ਦਾ ਮਨੋਵਿਗਿਆਨ ਹਨ। ਸੁਖਜੀਤ ਦਾ ਇੱਕ ਕਹਾਣੀ ਸੰਗ੍ਰਹਿ ਅੰਗਰੇਜ਼ੀ ਵਿੱਚ ਵੀ ਪਿਛਲੇ ਸਾਲ ਪ੍ਰਕਾਸ਼ਿਤ ਹੋਇਆ ਹੈ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ। ਸੁਖਜੀਤ ਲੰਮਾ ਸਮਾਂ ਭੈਣੀ ਸਾਹਿਬ (ਲੁਧਿਆਣਾ)ਪਿੰਡ ਦੇ ਸਰਪੰਚ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2010-12 ਤੀਕ ਦੋ ਸਾਲ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਹਨ। ਇਸ ਵੇਲੇ ਵੀ ਆਪ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕਾਰਜਕਾਰਨੀ ਮੈਂਬਰ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ,ਪੰਜਾਬੀ ਲੇਖਕਾਂ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਗੁਰਪ੍ਰੀਤ ਸਿੰਘ ਤੂਰ, ਤੇਜਪਰਤਾਪ ਸਿੰਘ ਸੰਧੂ,ਹਰਪ੍ਰੀਤ ਸਿੰਘ ਸੰਧੂ, ਡਾ. ਨਿਰਮਲ ਜੌੜਾ, ਡਾ. ਅਨਿਲ ਸ਼ਰਮਾ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਕਰਮਜੀਤ ਗਰੇਵਾਲ, ਅਮਨਦੀਪ ਸਿੰਘ ਫੱਲੜ੍ਹ,ਡਾ. ਗੁਰਚਰਨ ਕੌਰ ਕੋਚਰ, ਸਰਬਜੀਤ ਜੱਸ, ਰਘਬੀਰ ਸਿੰਘ ਭਰਤ, ਬਲਵਿੰਦਰ ਗਰੇਵਾਲ, ਬੂਟਾ ਸਿੰਘ ਚੌਹਾਨ, ਸੁਮਿਤ ਗੁਲਾਟੀ, ਸੁਰਿੰਦਰਦੀਪ , ਦਲਜਿੰਦਰ ਰਹਿਲ , ਬਲਵਿੰਦਰ ਸਿੰਘ ਚਾਹਲ ਤੇ ਜਗਦੀਸ਼ਪਾਲ ਸਿੰਘ ਗਰੇਵਾਲ ਨੇ ਵੀ ਸੁਖਜੀਤ ਨੂੰ ਏਡਾ ਉਚੇਰਾ ਸਨਮਾਨ ਮਿਲਣ ਤੇ ਮੁਬਾਰਕ ਦਿੱਤੀ ਹੈ।