- ਹਲਕਾ ਖਰੜ ਦੇ ਖਾਨਪੁਰ ਅਤੇ ਦੇਸੂ ਮਾਜਰਾ ਪਹੁੰਚ ਕੇ ਮੀਂਹ ਨਾਲ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਵੰਡਿਆ ਰਾਸ਼ਨ
- ਕਿਹਾ, ਪੰਜਾਬ ਸਰਕਾਰ ਮੀਂਹ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ
ਐਸ ਏ ਐਸ ਨਗਰ, 12 ਜੁਲਾਈ: ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵਲੋ ਪਿਛਲੇ ਦੋ ਦਿਨਾਂ ਵਿਚ ਪਏ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਾਰ ਲੈਣ ਲਈ ਅੱਜ ਖਾਨਪੁਰ ਅਤੇ ਦੇਸੂ ਮਾਜਰਾ ਦਾ ਦੌਰਾ ਕੀਤਾ ਗਿਆ। ਮੰਤਰੀ ਨੇ ਹਲਕਾ ਖਰੜ ਦੇ ਖਾਨਪੁਰ ਅਤੇ ਦੇਸੂ ਮਾਜਰਾ ਪਹੁੰਚੇ ਮੀਂਹ ਨਾਲ ਪ੍ਰਭਾਵਿਤ ਹੋਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਹੋਏ ਨੁਕਸਾਨ ਦਾ ਮੁਕੰਮਲ ਜਾਇਜਾ ਲਿਆ। ਲੋਕਾਂ ਨੇ ਭਾਰੀ ਮੀਂਹ ਨਾਲ ਹੋਏ ਆਪਣੇ ਨੁਕਸਾਨ ਬਾਰੇ ਮੰਤਰੀ ਨੂੰ ਜਾਣੂੰ ਕਰਵਾਇਆ। ਮੰਤਰੀ ਨੇ ਫੌਰੀ ਤੌਰ ਤੇ ਲੋਕਾਂ ਦੀ ਸਹਾਇਤਾ ਕਰਨ ਦੇ ਮੰਤਵ ਨਾਲ ਉਥੇ ਮੌਜੂਦ ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਵੰਡਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੰਤਰੀ ਨੇ ਕਿਹਾ ਕਿ ਭਾਰੀ ਮੀਂਹ ਆਉਣਾ ਇੱਕ ਕੁਦਰਤੀ ਆਫ਼ਤ ਹੈ ਜੋ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਲਗਾਤਰ ਮੀਂਹ ਹੋਣ ਕਾਰਨ ਆਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੀਂਹ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਲੋਕਾਂ ਮਦਦ ਕਰਨ ਲਈ ਪ੍ਰਸ਼ਾਸਨ ਨੂੰ ਢੁਕਵੇਂ ਆਦੇਸ਼ ਦਿਤੇ ਗਏ ਹਨ। ਉਨ੍ਹਾ ਕਿਹਾ ਕਿ ਇਸ ਸੰਕਟਕਾਲੀਨ ਸਥਿਤੀ ਵਿਚ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਕਿਸੇ ਵਿਅਕਤੀ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਹਮੇਸ਼ਾ ਉਨ੍ਹਾਂ ਨਾਲ ਖੜ੍ਹੀ ਹੈ। ਇਸ ਮੌਕੇ ਐਸ ਡੀ ਐਮ ਖਰੜ ਰਵਿੰਦਰ ਸਿੰਘ, ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਨੇਕ ਸਿੰਘ ਅਤੇ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।