
- ਜੰਕ ਫੂਡ ਤੋਂ ਕਰੋ ਤੋਬਾ, ਰਵਾਇਤੀ ਖਾਣੇ ਨੂੰ ਮੁੜ ਅਪਣਾਓ-ਸੇਖੋਂ
- ਈਟ ਰਾਈਟ ਇੱਕ ਦਿਨ ਦਾ ਮੇਲਾ ਨਹੀਂ ਹੈ, ਇਹ ਇੱਕ ਮੁਹਿੰਮ ਹੈ-ਸ੍ਰੀ ਓਜਸਵੀ
- 25 ਦੇ ਲਗਭਗ ਰਵਾਇਤੀ ਖਾਣੇ ਨਾਲ ਸਬੰਧਤ ਲਗਾਈਆਂ ਗਈਆਂ ਸਟਾਲਾਂ
ਫਰੀਦਕੋਟ 28 ਫਰਵਰੀ 2025 : ਫੂਡ ਐਂਡ ਡਰੱਗ ਐਸੋਸੀਏਸ਼ਨ ਪੰਜਾਬ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਇੱਥੋਂ ਦੇ ਗੁਰੂ ਗੋਬਿੰਦ ਮੈਡੀਕਲ ਕਾਲਜ ਵਿਖੇ ਬਾਬਾ ਫਰੀਦ ਈਟ ਰਾਈਟ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਓਜਸਵੀ ਅਲੰਕਾਰ ਆਈ.ਏ.ਐਸ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਾਲਜ ਦੇ ਆਡੀਟੋਰੀਅਮ ਵਿਖੇ ਸ਼ਮਾ ਰੋਸ਼ਨ ਕਰਕੇ ਮੇਲੇ ਦਾ ਆਗਾਜ਼ ਕੀਤਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਆਪਣੇ ਸੰਬੋਧਨ ਵਿੱਚ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਅਸੀਂ ਜੰਕ ਫੂਡ ਖਾਣ ਦੇ ਏਨੇ ਸ਼ੌਕੀਨ ਹੋ ਗਏ ਹਾਂ ਕਿ ਅਸੀਂ ਆਪਣੇ ਰਵਾਇਤੀ ਮੂਲ ਅਨਾਜਾਂ ਜਿਵੇਂ ਕਿ ਕੰਗਨੀ, ਕੋਧਰਾ, ਬਾਜਰਾ, ਜਵਾਰ, ਜੌਂ, ਗੁੱਟਕੀ ਆਦਿ ਤੋਂ ਬਣੇ ਪਕਵਾਨ ਨੂੰ ਭੁੱਲਦੇ ਜਾ ਰਹੇ ਹਾਂ, ਜਿਸ ਨਾਲ ਅਸੀਂ ਵੱਡੀ ਗਿਣਤੀ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਅੱਜ ਦੀ ਪੀੜੀ ਨੂੰ ਮੂਲ ਅਨਾਜ ਖਾਣ ਪ੍ਰਤੀ ਜਾਗਰੂਕ ਕਰਨਾ ਹੈ ਜਿਸ ਨਾਲ ਸਾਡੀ ਸਿਹਤ ਵਿੱਚ ਸੁਧਾਰ ਆਵੇਗਾ ਅਤੇ ਬੀਮਾਰੀਆਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਜਿਲ੍ਹਾ ਵਾਸੀਆਂ ਨੂੰ ਮੁੜ ਤੋਂ ਇਨ੍ਹਾਂ ਮੂਲ ਅਨਾਜਾਂ ਤੋਂ ਬਣੇ ਪਕਵਾਨਾਂ ਅਤੇ ਉਨ੍ਹਾਂ ਦੇ ਲਾਭਾਂ ਤੋਂ ਜਾਣੂ ਕਰਵਾਇਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਓਜਸਵੀ ਅਲੰਕਾਰ ਨੇ ਕਿਹਾ ਕਿ ਈਟ ਰਾਈਟ ਇੱਕ ਦਿਨ ਦਾ ਮੇਲਾ ਨਹੀਂ ਹੈ, ਬਲਕਿ ਇਹ ਇੱਕ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਰਵਾਇਤੀ ਭੋਜਨ ਨਾਲ ਸਬੰਧਤ ਸਭ ਤੋਂ ਵੱਡਾ ਮੇਲਾ ਕਰਵਾਉਣ ਲਈ ਫਰੀਦਕੋਟ ਨੂੰ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਰਵਾਇਤੀ ਅਨਾਜਾਂ ਨਾਲ ਜੋੜਨ ਲਈ, ਉਨ੍ਹਾਂ ਤੋਂ ਤਿਆਰ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮੇਲੇ ਵਿੱਚ ਦੇਖ ਨੂੰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਮੁੜ ਰਵਾਇਤੀ ਭੋਜਨ ਨਾਲ ਜੁੜਨ ਲਈ ਚਾਹਵਾਨ ਹਨ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰਵਾਇਤੀ ਭੋਜਨ ਨੂੰ ਆਪਣੇ ਖਾਣੇ ਵਿੱਚ ਅਪਣਾਉਣ। ਮੇਲੇ ਵਿੱਚ ਨੁੱਕੜ ਨਾਟਕ, ਸਭਿਆਚਾਰਕ ਪ੍ਰੋਗਰਾਮ, ਪੌਸ਼ਟਿਕ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ ਅਤੇ ਸਕੂਲੀ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਰਾਈਟਿੰਗ ਮੁਕਾਬਲਾ, ਕੁਇੰਜ ਮੁਕਾਬਲਾ,ਪੈਨਲ ਚਰਚਾ,ਸਿਹਤ ਜਾਂਚ,ਨੁੱਕੜ ਨਾਟਕ, ਲਾਇਸੈਂਸ ਰਜਿਸਟ੍ਰੇਸ਼ਨ ਕੈਂਪ,ਖਾਣਾ ਪਕਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ 25 ਦੇ ਲਗਭਗ ਰਵਾਇਤੀ ਖਾਣੇ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਲਗਾਈਆਂ ਗਈਆਂ। ਮੇਲੇ ਵਿੱਚ ਸਟਾਲ ਲਗਾਏ ਗਏ ਜਿਸ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਵੱਖ ਵੱਖ ਰਵਾਇਤੀ ਖਾਣਿਆਂ/ਪਕਵਾਨਾਂ ਦਾ ਅਨੰਦ ਮਾਣਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ ਨਰਿੰਦਰਜੀਤ ਸਿੰਘ ਬਰਾੜ ਨੇ ਬਾਖੂਬੀ ਨਿਭਾਈ। ਇਸ ਮੌਕੇ ਜੀ.ਏ ਮੈਡਮ ਤੁਸ਼ਿਤਾ ਗੁਲਾਟੀ, ਐਸ.ਡੀ.ਐਮ. ਵਰਿੰਦਰ ਸਿੰਘ, ਸੀ.ਐਮ.ਓ ਡਾ. ਚੰਦਰ ਸ਼ੇਖਰ ਕੱਕੜ, ਗੁਰਕਰਨਦੀਪ ਸਿੰਘ ਸਿੱਧੂ ਪੀ ਸੀ ਐਸ, ਡੀ.ਆਰ.ਓ ਲਵਪ੍ਰੀਤ ਕੌਰ, ਫੂਡ ਐਂਡ ਡਰੱਗ ਐਡਮਨਿਸਟਰੇਟ ਮੈਡਮ ਰਵਨੀਤ ਸਿੱਧੂ, ਡੀ.ਐਸ.ਐਸ.ਓ ਨਵੀਨ ਗੜਵਾਲ, ਡੀ.ਪੀ.ਓ ਰਤਨਦੀਪ ਕੌਰ ਸੰਧੂ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ, ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਅਮਨਦੀਪ ਸਿੰਘ ਬਾਬਾ, ਸ੍ਰੀ ਜਸਬੀਰ ਜੱਸੀ, ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ, ਫੂਡ ਸੇਫਟੀ ਅਫਸਰ ਹਰਵਿੰਦਰ ਬੱਟੀ, ਪ੍ਰਿੰਸੀਪਲ ਬਰਜਿੰਦਰਾ ਕਾਲਜ ਮਨਜੀਤ ਸਿੰਘ, ਤੋਂ ਇਲਾਵਾ ਮੈਡੀਕਲ ਕਾਲਜ ਦਾ ਸਟਾਫ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।