ਰਾਏਕੋਟ, 25 ਜੂਨ (ਚਮਕੌਰ ਸਿੰਘ ਦਿਓਲ) : ਬੀਤੀ ਰਾਤ ਸਥਾਨਕ ਸ਼ਹਿਰ ਦੇ ਪੁਰਾਣਾ ਬੱਸ ਅੱਡਾ ਨਜਦੀਕ ਸਾਹਮਣੇ ਪੈਟਰੋਲ ਪੰਪ ਦੇ ਦੁਕਾਨਦਾਰਾਂ ਅਤੇ ਸਬਜ਼ੀ ਦੀਆਂ ਰੇਹੜੀਆਂ ਲਗਾਉਣ ਵਾਲਿਆਂ ਵਿਚਕਾਰ ਮਾਹੌਲ ਗਰਮ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਇਸ ਇਲਾਕੇ ਵਿੱਚ ਮੇਨ ਰੋਡ ’ਤੇ ਕਾਫ਼ੀ ਰੇਹੜ੍ਹੀਆਂ ਲੱਗਦੀਆਂ ਹਨ, ਜਿੰਨ੍ਹਾਂ ਵਿੱਚ ਵੱਡੀ ਗਿਣਤੀ ਪ੍ਰਵਾਸੀਆਂ ਦੀ ਹੈ। ਇਹ ਰੇਹੜ੍ਹੀਆਂ ਵਾਲੇ ਮੇਨ ਰੋਡ ’ਤੇ ਰੇਹੜੀਆਂ ਖੜ੍ਹੀਆਂ ਕਰ ਕੇ ਆਪਣਾ ਸਮਾਨ ਵੇਚਦੇ ਹਨ, ਜਿਸ ਕਾਰਨ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਕਾਰਨ ਕਈ ਹਾਦਸੇ ਵੀ ਆਮ ਹੀ ਦੇਖਣ ਨੂੰ ਮਿਲਦੇ ਹਨ। ਸ਼ਹਿਰ ਦੀ ਇਸ ਮੇਨ ਰੋਡ ’ਤੇ ਦੋ ਪੈਟਰੋਲ ਪੰਪ, ਹਸਪਤਾਲ, ਕਈ ਬੈਂਕ ਅਤੇ ਮਠਿਆਈ ਦੀਆਂ ਦੁਕਾਨਾਂ ਹੋਣ ਕਾਰਨ ਕਾਫੀ ਆਵਾਜਾਈ ਅਤੇ ਰੌਣਕ ਰਹਿੰਦੀ ਹੈ। ਸੜਕ ਕਿਨਾਰੇ ਲੱਗੀਆਂ ਇੰਨ੍ਹਾਂ ਰੇਹੜੀ ਵਾਲਿਆਂ ਵਲੋਂ ਤੁਰ ਫਿਰ ਕੇ ਆਪਣਾ ਸਮਾਨ ਵੇਚਣ ਦੀ ਬਜਾਏ ਪੱਕੇ ਅੱਡੇ ਬਣਾਏ ਹੋਏ ਹਨ, ਜਿਸ ਕਾਰਨ ਰੇਹੜੀਆਂ ਦੇ ਆਲ਼ੇ-ਦੁਆਲੇ ਵੀ ਕਾਫੀ ਸਮਾਨ ਰੱਖਿਆ ਹੋਇਆ ਹੁੰਦਾ ਹੈ। ਇਸੇ ਸਮੱਸਿਆ ਨੂੰ ਲੈ ਕੇ ਇਲਾਕੇ ਦੇ ਕੁਝ ਦੁਕਾਨਦਾਰ ਰਾਏਕੋਟ ਸਿਟੀ ਪੁਲਿਸ ਨੂੰ ਵੀ ਮਿਲੇ ਸਨ ਅਤੇ ਇਸ ਸਬੰਧੀ ਰੇਹੜੀ ਵਾਲਿਆਂ ਨੂੰ ਚੇਤਾਵਨੀ ਦੇਣ ਸਬੰਧੀ ਕਿਹਾ ਸੀ। ਦੇਰ ਸ਼ਾਮ ਜਦ ਪੁਲਿਸ ਵਾਲਿਆਂ ਵਲੋਂ ਉਕਤ ਰੇਹੜੀ ਵਾਲਿਆਂ ਨੂੰ ਆਪਣੀਆਂ ਰੇਹੜ੍ਹੀਆਂ ਸਾਈਡ ’ਤੇ ਕਰਕੇ ਲਗਾਉਣ ਲਈ ਕਿਹਾ ਜਾ ਰਿਹਾ ਸੀ ਤਾਂ ਉੱਥੇ ਰੇਹੜੀਆਂ ਲਗਾ ਕੇ ਬੈਠੇ ਪ੍ਰਵਾਸੀਆਂ ਵਲੋਂ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਗੂਆਂ ਨੂੰ ਬੁਲਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਾਦਾਗਿਰੀ ਦਿਖਾਉਂਦੇ ਹੋਏ ਸੜਕ ਦੇ ਵਿਚਕਾਰ ਰੇਹੜੀਆਂ ਲਗਾ ਦਿੱਤੀਆਂ, ਜਿਸ ਕਾਰਨ ਉੱਥੇ ਆਮ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਾਰਾ ਘਟਨਾਂਕ੍ਰਮ ਦੇਖ ਰਹੇ ਇਲਾਕੇ ਦੇ ਦੁਕਾਨਦਾਰ ਵੀ ਪ੍ਰਵਾਸੀ ਰੇਹੜੀ ਵਾਲਿਆਂ ਦੀ ਇਸ ਧੱਕੇਸ਼ਾਹੀ ਤੋਂ ਖ਼ਫ਼ਾ ਹੋ ਕੇ ਰੋਹ ਵਿੱਚ ਆ ਗਏ ਅਤੇ ਮਾਹੌਲ ਗਰਮਾ ਗਰਮੀ ਵਾਲਾ ਹੋ ਗਿਆ। ਪ੍ਰਵਾਸੀ ਰੇਹੜੀ ਵਾਲਿਆਂ ਦੇ ਹੱਕ ’ਚ ਆਏ ਮਜ਼ਦੂਰ ਆਗੂ ਦਲਜੀਤ ਕੁਮਾਰ ਗੋਰਾ ਨੂੰ ਵੀ ਦੁਕਾਨਦਾਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਥਾਣਾ ਮੁਖੀ ਦਵਿੰਦਰ ਸਿੰਘ ਦੇ ਦਖ਼ਲ ਤੋਂ ਬਾਅਦ ਦੋਨਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਗਿਆ। ਮਾਰਕੀਟ ਦੇ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਰੇਹੜੀ ਵਾਲਿਆਂ ਨੂੰ ਇੱਕ ਰੇਹੜੀ ਮਾਰਕੀਟ ਬਣਾ ਕੇ ਦੇਵੇ ਤਾਂ ਜੋ ਜਿੱਥੇ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ ਉੱਥੇ ਟ੍ਰੈਫਿਕ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ। ਦੁਕਾਨਾਦਾਰਾਂ ਨੇ ਕਿਹਾ ਕਿ ਸਬੰਧੀ ਉਹ ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਨੂੰ ਮਿਲਣਗੇ।