ਲੁਧਿਆਣਾ, 7 ਜੂਨ : ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਣਜੀਤ ਢਿੱਲੋਂ ਨੇ ਇੱਕ ਵਾਰ ਮੁੜ ਤੋਂ ਸਿਆਸਤ ਛੱਡਣ ਵੱਲ ਵਿਚਾਰ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਲੋਕ ਸੇਵਾ ਭਾਵਨਾ ਨੂੰ ਵੋਟ ਹੀ ਨਹੀਂ ਪਾਉਣਾ ਚਾਹੁੰਦੇ ਤਾਂ ਫਿਰ ਸਿਆਸਤ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਵੀ ਮਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜਲਦ ਹੀ ਕੋਈ ਫੈਸਲਾ ਲੈਣਗੇ। ਰਣਜੀਤ ਢਿੱਲੋਂ ਨੇ ਕਿਹਾ ਕਿ ਉਹ ਇਸ ਸਬੰਧੀ ਐਲਾਨ ਕਰਨ ਵਾਲੇ ਸਨ ਪਰ ਉਨ੍ਹਾਂ ਦੇ ਕੁਝ ਸਾਥੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ ਹੈ। ਪਰ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਉਸ ਬਿਆਨ ਤੇ ਕਾਇਮ ਹਨ ਜੋ ਉਨ੍ਹਾਂ ਨੇ ਚੋਣਾਂ ਦੇ ਦੌਰਾਨ ਕਿਹਾ ਸੀ ਕਿ ਜੇਕਰ ਲੋਕ ਉਨ੍ਹਾਂ ਨੂੰ ਮਤਦਾਨ ਨਹੀਂ ਕਰਦੇ ਤਾਂ ਉਹ ਸਿਆਸਤ ਛੱਡ ਦੇਣਗੇ। ਰਣਜੀਤ ਢਿੱਲੋ ਨੇ ਕਿਹਾ ਕਿ 1997 ਦੇ ਵਿੱਚ ਉਹ ਪਹਿਲੀ ਵਾਰ ਕੌਂਸਲਰ ਬਣੇ ਸਨ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਕੋਈ ਵੀ ਭਰਿਸ਼ਟਾਚਾਰ ਜਾਂ ਕਿਸੇ ਵੀ ਤਰ੍ਹਾਂ ਦੇ ਘਪਲੇ ਦਾ ਕੋਈ ਦਾਅਵਾ ਨਹੀਂ ਕਰ ਸਕਦਾ। ਕਿਉਂਕਿ ਉਨ੍ਹਾਂ ਨੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਹੈ ਪਰ ਇਮਾਨਦਾਰੀ ਨੂੰ ਹੁਣ ਲੋਕਾਂ ਨੇ ਪਸੰਦ ਕਰਨਾ ਬੰਦ ਕਰ ਦਿੱਤਾ ਹੈ। ਪੰਜਾਬ ਦੇ ਵਿੱਚ ਕਾਂਗਰਸ ਨੂੰ ਜੋ ਬਹੁਮਤ ਮਿਲਿਆ ਹੈ ਉਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸਿਆਸਤ ਧਰਮਾਂ ਦੇ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੋ ਹਿੱਸਿਆਂ ਦੇ ਵਿੱਚ ਵੜਦਾ ਜਾ ਰਿਹਾ ਹੈ ਜੋ ਕਿ ਚੰਗੀ ਗੱਲ ਨਹੀਂ ਹੈ। ਮਨਪ੍ਰੀਤ ਇਆਲੀ ਸਬੰਧੀ ਉਨ੍ਹਾਂ ਕਿਹਾ ਕਿ ਮਨਪ੍ਰੀਤ ਇਆਲੀ ਨੇ ਵੀ ਚੋਣਾਂ ਦੇ ਵਿੱਚ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਸੀ। ਦਾਖਾ ਹਲਕੇ ਦੇ ਵਿੱਚ ਉਨ੍ਹਾਂ ਨੇ ਅਕਾਲੀ ਦਲ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਪਰ ਉਨ੍ਹਾਂ ਨੇ ਇਸ ਤਰ੍ਹਾਂ ਦੀ ਪੋਸਟ ਕਿਉਂ ਪਾਈ ਹੈ ਇਹ ਤਾਂ ਉਹ ਹੀ ਬਿਹਤਰ ਦੱਸ ਸਕਦੇ ਹਨ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਕਾਲੀ ਦਲ ਦੇ ਆਗੂ ਜਾਂ ਫਿਰ ਵਰਕਰ ਨਾਰਾਜ਼ ਹਨ ਤਾਂ ਉਨ੍ਹਾਂ ਕਿਹਾ ਕਿ ਝੂੰਦਾ ਕਮੇਟੀ ਦੇ ਵਿੱਚ ਮਨਪ੍ਰੀਤ ਇਆਲੀ ਵੀ ਸ਼ਾਮਿਲ ਸਨ। ਉਨ੍ਹਾਂ ਨੇ ਕੀ ਸਿਫਾਰਸ਼ਾਂ ਲਾਗੂ ਕੀਤੀਆਂ ਸਨ ਅਤੇ ਉਹ ਕਿਉਂ ਨਹੀਂ ਹੁਣ ਤੱਕ ਲਾਗੂ ਹੋਈਆਂ ਇਹ ਉਹ ਹੀ ਬਿਹਤਰ ਜਾਣਦੇ ਹਨ। ਹਾਲਾਂਕਿ ਅਕਾਲੀ ਦਲ ਦਾ ਇਨ੍ਹਾਂ ਚੋਣਾਂ ਦੇ ਵਿੱਚ ਗਰਾਫ ਗਿਰਨ ਤੇ ਵੀ ਉਨ੍ਹਾਂ ਨੇ ਚਿੰਤਾ ਜਾਹਿਰ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਵੋਟਰ ਸਨ ਇੱਕ ਭਾਜਪਾ ਦੇ ਹੱਕ 'ਚ ਸਨ ਅਤੇ ਇੱਕ ਭਾਜਪਾ ਦੇ ਖਿਲਾਫ ਸਨ। ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਜੇਕਰ ਅਕਾਲੀ ਦਲ ਨੂੰ ਉਹ ਵੋਟ ਪਾਉਂਦੇ ਹਨ ਤਾਂ ਅੱਗੇ ਜਾ ਕੇ ਕਿਤੇ ਅਕਾਲੀ ਦਲ ਭਾਜਪਾ ਨਾਲ ਗਠਜੋੜ ਕਰ ਲਵੇ ਤਾਂ ਇਹ ਵੋਟਾਂ ਵੀ ਭਾਜਪਾ ਦੇ ਹੱਕ 'ਚ ਚੱਲੀਆਂ ਜਾਣਗੀਆਂ।