
ਚੰਡੀਗੜ੍ਹ, 1 ਮਈ 2025 : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੱਡਾ ਮੋਰਚਾ ਲਾਉਣ ਦੀ ਚਿਤਾਵਨੀ ਵੀ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, “ਭਾਜਪਾ ਸ਼ਾਸਿਤ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਾਡੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਮੀਟਿੰਗ ਵਿੱਚ ਭਾਖੜਾ ਡੈਮ ਤੋਂ ਪੰਜਾਬ ਦੇ ਪਾਣੀ ਖੋਹਣ ਲਈ ਪੰਜਾਬ ਵਿਰੁੱਧ ਇੱਕਜੁੱਟ ਹੋ ਗਏ ਹਨ । ਪੰਜਾਬ ਦੇ ਕੁਦਰਤੀ ਸਰੋਤਾਂ ਦੀ ਇਹ ਲੁੱਟ ਅਤੇ ਸ਼ਰੇਆਮ ਧੱਕੇਸ਼ਾਹੀ ਪੰਜਾਬ ਦੇ ਕਿਸਾਨਾਂ ਤੋਂ ਇੱਕ ਬਦਲਾ ਲੈਣ ਵਾਲੀ ਭਾਵਨਾ ਜਾਪਦੀ ਹੈ ਅਤੇ ਜੇਕਰ ਇਸਨੂੰ ਸ਼ੁਰੂਆਤੀ ਦੌਰ ਵਿੱਚ ਹੀ ਰੋਕਿਆ ਨਾ ਗਿਆ ਤਾਂ ਇਹ ਸਾਡੀ ਕਿਸਾਨੀ ਅਤੇ ਆਰਥਿਕਤਾ ਨੂੰ ਤਬਾਹ ਕਰ ਦੇਵੇਗੀ। ਮੀਡੀਆ ਵਿੱਚ ਪੰਜਾਬ ਦੇ ਪਾਣੀ ਪੰਜਾਬ ਲਈ ਪਰ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵਾਧੂ ਪਾਣੀ ਛੱਡਣ ਦਾ ਭਰੋਸਾ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੋਗਲੀ ਨੀਤੀ ਵਾਲੀ ਚਾਲ ਖੇਡ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਦੀ ਇਸ ਦੋਗਲੀ ਨੀਤੀ ਨੂੰ ਕਿਸੇ ਵੀ ਕੀਮਤ ‘ਤੇ ਸਫਲ ਨਹੀਂ ਹੋਣ ਦੇਵੇਗਾ।
ਅਸੀਂ ਮੰਗ ਕਰਦੇ ਹਾਂ ਕਿ :
- ਭਾਖੜਾ-ਬਿਆਸ ਪ੍ਰਬੰਧਨ ਬੋਰਡ ‘ਚ ਪੰਜਾਬ ਦੇ ਪ੍ਰਤੀਨਿਧੀ (ਬਿਜਲੀ ਵਿਭਾਗ) ਨੂੰ ਮੈਂਬਰ ਵਜੋਂ ਤੁਰੰਤ ਬਹਾਲ ਕੀਤਾ ਜਾਵੇ।
- ਪੰਜਾਬ ਦੇ ਪੱਖ ਨੂੰ ਅੱਖੋਂ ਪਰੋਖੇ ਕਰ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਦਿੱਤੀ ਗਈ ਮਨਜ਼ੂਰੀ ਨੂੰ ਤੁਰੰਤ ਰੱਦ ਕੀਤਾ ਜਾਵੇ।
- ਆਮ ਆਦਮੀ ਪਾਰਟੀ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਠੋਸ ਕਾਰਵਾਈ ਕਰੇ ਕਿ ਪੰਜਾਬ ਵਿੱਚੋਂ ਕਿਸੇ ਵੀ ਹੈੱਡ ਵਰਕਸ ਰਾਹੀਂ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਛੱਡਿਆ ਜਾਵੇਗਾ ਅਤੇ ਹਰਿਆਣਾ ਨੂੰ ਪਹਿਲਾਂ ਛੱਡੇ ਜਾ ਰਹੇ ਵਾਧੂ ਪਾਣੀ ਨੂੰ ਵੀ ਰੋਕਿਆ ਜਾਵੇ।
- ਜੇਕਰ ਮੁੱਖ ਮੰਤਰੀ ਭਗਵੰਤ ਮਾਨ ਅਜਿਹਾ ਨਾ ਕਰਕੇ ਹਰਿਆਣਾ ਅਤੇ ਕੇਂਦਰ ਸਰਕਾਰ ਦੇ ਦਬਾਅ ਅੱਗੇ ਝੁਕ ਜਾਂਦਾ ਹੈ ਅਤੇ ਪੰਜਾਬ ਦੇ ਹਿੱਤਾਂ ਨੂੰ ਵੇਚ ਦਿੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਇੱਕ ਵੱਡਾ ਮੋਰਚਾ ਲਗਾਵੇਗਾ।”