ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ਫਰੀਦਕੋਟ 21 ਮਾਰਚ 2025 : ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਵਿੱਚ ਬਲਾਕ ਫਰੀਦਕੋਟ ਦੇ ਪਿੰਡ ਮਚਾਕੀ ਖ਼ੁਰਦ ਵਿਖੇ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਲਗਭਗ 60 ਕਿਸਾਨਾਂ ਨੇ ਭਾਗ ਲਿਆ। ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਰਾਜਵੀਰ ਸਿੰਘ ਏ.ਡੀ.ਓ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ ਵੱਖ-ਵੱਖ ਕਿਸਮਾਂ, ਝੋਨੇ ਦੀ ਸਿੱਧੀ ਬਿਜਾਈ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਖੇਤ ਦੀ ਤਿਆਰੀ, ਸਹੀ ਕਿਸਮ ਦੀ ਚੋਣ, ਬੀਜ ਦੀ ਮਾਤਰਾ, ਬਿਜਾਈ ਦੇ ਢੰਗ ਅਤੇ ਨਦੀਨਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਡਾ. ਯਾਦਵਿੰਦਰ ਸਿੰਘ ਏ.ਐੱਮ.ਓ ਵੱਲੋਂ ਕਿਸਾਨਾਂ ਨੂੰ ਕਣਕ, ਸਰੋਂ ਅਤੇ ਆਉਣ ਵਾਲੀ ਨਰਮੇ ਦੀ ਫ਼ਸਲ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਕਣਕ ਅਤੇ ਸਰੋਂ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਕਿਤੇ ਫਸਲ ਤੇ ਤੇਲੇ, ਚੇਪੇ ਅਤੇ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਸਿਫਾਰਸ਼ ਅਨੁਸਾਰ ਸਪਰੇ ਕੀਤੀ ਜਾਵੇ ਅਤੇ ਹਮਲਾ ਨਜ਼ਰ ਨਹੀਂ ਆਉਂਦਾ ਤਾਂ ਸਪਰੇ ਨਾ ਕੀਤੀ ਜਾਵੇ। ਉਨ੍ਹਾਂ ਨਰਮੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਅਗਾਂਹੂ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪਿਛਲੇ ਸਾਲ ਦੇ ਨਰਮੇ ਦੇ ਢੇਰਾਂ ਨੂੰ ਸਾਫ਼ ਜਾਂ ਨਸ਼ਟ ਕਰ ਦਿੱਤਾ ਜਾਵੇ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣਾ ਥੋੜਾ-ਥੋੜਾ ਰਕਬਾ ਝੋਨੇ-ਕਣਕ ਦੇ ਰਕਬੇ ਵਿੱਚੋਂ ਕੱਢ ਕੇ ਦਾਲਾਂ ਅਤੇ ਤੇਲ ਬੀਜ ਫਸਲਾਂ ਹੇਠਾਂ ਲੈਕੇ ਆਉਣ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਕਣਕ ਵੱਢਣ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਵੀ ਪ੍ਰੇਰਿਆ ਗਿਆ ਅਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਮਿਲਾਉਣ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਸਾਨਾਂ ਨੂੰ ਕਣਕ ਵੱਢਣ ਤੋਂ ਬਾਅਦ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾਉਣ ਲਈ ਕਿਹਾ ਅਤੇ ਸਿਫਾਰਿਸ਼ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸ ਕੈਂਪ ਵਿੱਚ ਡਾ. ਕੁਲਦੀਪ ਸਿੰਘ ਵੱਲੋਂ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸੁਖਦੀਪ ਸਿੰਘ ਏ.ਐਸ.ਆਈ ਵੱਲੋਂ ਆਏ ਹੋਏ ਕਿਸਾਨਾਂ ਦੀ ਹਾਜ਼ਰੀ ਲਗਵਾਈ ਗਈ ਅਤੇ ਧੰਨਵਾਦ ਕੀਤਾ ਗਿਆ। ਇਸ ਸਮੇਂ ਆਰ.ਜੀ.ਆਰ. ਸੈੱਲ ਦੀ ਟੀਮ, ਕਿਸਾਨ ਰਾਜਿੰਦਰ ਸਿੰਘ, ਇੰਦਰਜੀਤ ਸਿੰਘ, ਲਖਵੀਰ ਸਿੰਘ ਆਦਿ ਮੌਜੂਦ ਸਨ।