
ਸ੍ਰੀ ਫ਼ਤਹਿਗੜ੍ਹ ਸਾਹਿਬ, 03 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਫਤਿਹਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਗਗਨਦੀਪ ਸਿੰਘ ਵਿਰਕ ਨੇ ਵੱਡੀ ਜਿੱਤ ਦਰਜ ਕੀਤੀ ਹੈ। ਅੱਜ ਬਾਰ ਰੂਮ ਵਿੱਚ ਉਲੀਕੇ ਗਏ ਸਾਦੇ ਸਮਾਗਮ ਦੌਰਾਨ ਐਡ. ਗਗਨਦੀਪ ਵਿਰਕ ਨੇ ਆਪਣੀ ਪੂਰੀ ਟੀਮ ਸਮੇਤ ਬਤੋਰ ਸ੍ਰੀ ਫਤਿਹਗੜ੍ਹ ਸਾਹਿਬ ਬਾਰ ਐਸੋਸੀਏਸ਼ ਦੇ ਪ੍ਰਧਾਨ ਵਜੋਂ ਅਤੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਆਪਣਾ ਕਾਰਜਕਾਲ ਸੰਭਾਲ ਲਿਆ ਗਿਆ ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਪਿਛਲੀ ਬਾਰ ਦੇ ਸਮੂਹ ਅਹੁਦੇਦਾਰਾਂ ਵੱਲੋਂ ਪੂਰਾ ਲੇਖਾ ਜੋਖਾ ਸੌਂਪ ਦਿੱਤਾ ਗਿਆ। ਨਵ ਨਿਯੁਕਤ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਵਕੀਲਾਂ ਦੀਆਂ ਤਮਾਮ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਤੇ ਉਹ ਆਸ ਕਰਦੇ ਹਨ ਕਿ ਪਿਛਲੀ ਬਾਰ ਦੇ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਬਾਰ ਵੱਲੋਂ ਚੁਣੇ ਗਏ ਨਵੇਂ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਅਤੇ ਉਹਨਾਂ ਦੀ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ।