ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦੇ ਖੋਜ ਕਾਰਜਾਂ ਤਹਿਤ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਿਰਤਾਂਤ ਬਾਰੇ ਤਿੰਨ ਪੁਸਤਕਾਂ ਜਾਰੀ ਕੀਤੀਆਂ ਗਈਆਂ। ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਪੁਸਤਕਾਂ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਧਰਮ ਪ੍ਰਚਾਰ ਕਮੇਟੀ ਵੱਲੋਂ 2001 ਵਿਚ ਗੁਰਪੁਰਵਾਸੀ ਡਾ. ਕਿਰਪਾਲ ਸਿੰਘ ਦੀ ਅਗਵਾਈ ਹੇਠ ਆਰੰਭ ਕੀਤਾ ਗਿਆ ਸੀ, ਜਿਸ ਦਾ ਮਕਸਦ ਸਿੱਖ ਇਤਿਹਾਸ ਦੇ ਮੁੱਢਲੇ ਸੋਮਿਆਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਸੰਪਾਦਤ ਕਰਨਾ ਸੀ। ਸਿੱਖ ਸੰਗਤਾਂ ਵਿਚ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ ਇਸ ਨੂੰ ਸੰਪਾਦਤ ਕਰਨ ਦੇ ਫੈਸਲੇ ਤਹਿਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਪਹਿਲਾਂ 21 ਪੁਸਤਕਾਂ ਛਪ ਚੁੱਕੀਆਂ ਹਨ ਅਤੇ ਇਸੇ ਲੜੀ ਤਹਿਤ ਹੀ ਹੁਣ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਇਹ ਤਿੰਨ ਪੁਸਤਕਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਛਾਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਅਹਿਮ ਸਰੋਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਵਰਨਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਅਹਿਮ ਘਟਨਾਵਾਂ ਦੇ ਅਨੁਵਾਦ ਤੋਂ ਆਮ ਪਾਠਕ ਅਤੇ ਖੋਜੀ ਵਿਦਵਾਨ ਲਾਹਾ ਪ੍ਰਾਪਤ ਕਰ ਸਕਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਖੋਜ ਕਾਰਜ ਲਈ ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦੀ ਸਮੁੱਚੀ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਅੰਤ੍ਰਿੰਗ ਮੈਂਬਰ ਸ. ਅਮਰਜੀਤ ਸਿੰਘ ਬੰਡਾਲਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਨਵਤੇਜ ਸਿੰਘ ਕਾਉਣੀ, ਸ. ਗੁਰਨਾਮ ਸਿੰਘ ਜੱਸਲ, ਸ. ਗੁਰਲਾਲ ਸਿੰਘ, ਬੀਬੀ ਜੋਗਿੰਦਰ ਕੌਰ, ਸੀਨੀਅਰ ਅਕਾਲੀ ਆਗੂ ਸ. ਗੁਲਜ਼ਾਰ ਸਿੰਘ ਰਣੀਕੇ, ਸ. ਰਵੀਕਰਨ ਸਿੰਘ ਕਾਹਲੋਂ, ਸਕੱਤਰ ਸ. ਪ੍ਰਤਾਪ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਸਤਨਾਮ ਸਿੰਘ ਮਾਂਗਾਸਰਾਏ, ਡਾ. ਚਮਕੌਰ ਸਿੰਘ ਆਦਿ ਹਾਜ਼ਰ ਸਨ।