ਨੂਰਪੁਰ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਐਡਵੋਕੇਟ ਧਾਮੀ ਨੇ ਕੀਤੀ ਸਖਤ ਨਿੰਦਾ

  • ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੇਅਦਬੀ ਘਟਨਾਵਾਂ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ
  • ਹਰ ਪਿੰਡ ਵਿੱਚ ਕੇਵਲ ਇੱਕ ਗੁਰਦੁਆਰਾ ਹੋਏ ਅਤੇ ਸਾਰੀ ਸੰਗਤ ਰਲ ਕੇ ਪ੍ਰਬੰਧ ਵਿਚ ਸਹਿਯੋਗੀ ਬਣੇ  -ਐਡਵੋਕੇਟ ਧਾਮੀ 

ਅੰਮ੍ਰਿਤਸਰ, 18 ਅਪ੍ਰੈਲ 2025 : ਗੜ੍ਹਸ਼ੰਕਰ ਨੇੜੇ ਪਿੰਡ ਨੂਰਪੁਰ ਜੱਟਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਗੈਰ ਸਮਾਜਿਕ ਅਨਸਰਾਂ ਦੇ ਹੌਸਲੇ ਵਧੇ ਹੋਏ ਹਨ ਅਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਜੀਵਨ ਦੀ ਅਗਵਾਈ ਦਿੰਦੇ ਹਨ, ਜਿਨ੍ਹਾਂ ਦੇ ਸਤਿਕਾਰ ਅਤੇ ਮਰਯਾਦਾ ਨੂੰ ਕਾਇਮ ਰੱਖਣਾ ਅਤੇ ਗੁਰੂ ਘਰਾਂ ਦੀ ਚੇਤੰਨ ਹੋ ਕੇ ਸੇਵਾ ਸੰਭਾਲ ਪ੍ਰਬੰਧਕਾਂ ਤੇ ਸੰਗਤਾਂ ਦੀ ਜੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੁੱਝ ਗੁਰਦੁਆਰਾ ਕਮੇਟੀਆਂ ਦੀ ਲਾਪਰਵਾਹੀ ਨਾਲ ਅਜਿਹੀਆਂ ਦੁਖਦਾਈ ਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਪਿੰਡਾਂ/ ਸ਼ਹਿਰਾਂ ਦੇ ਹਰ ਮਹੱਲੇ ਵਿੱਚ ਕਈ ਗੁਰਦੁਆਰਾ ਸਾਹਿਬ ਬਣੇ ਹਨ, ਪਰੰਤੂ ਸਾਂਭ ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਹਰ ਪਿੰਡ ਵਿੱਚ ਕੇਵਲ ਇੱਕ ਗੁਰਦੁਆਰਾ ਸਾਹਿਬ ਹੋਏ ਅਤੇ ਸਾਰੀ ਸੰਗਤ ਰਲ ਕੇ ਪ੍ਰਬੰਧ ਵਿਚ ਸਹਿਯੋਗੀ ਬਣੇ। ਉਨ੍ਹਾਂ ਕਿਹਾ ਕਿ ਜੇਕਰ ਇੱਕ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੋਵੇਗਾ ਤਾਂ ਸਾਰਾ ਪਿੰਡ ਰਲ ਕੇ ਪ੍ਰਬੰਧ ਨੂੰ ਬੇਹਤਰ ਅਤੇ ਪਹਿਰੇਦਾਰੀ ਲਾਜ਼ਮੀ ਬਣਾ ਸਕਦਾ ਹੈ। ਇਸ ਵਾਸਤੇ ਸਾਂਝੇ ਉਦਮ ਤਹਿਤ ਕੰਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸੰਗਤ ਨੂੰ ਗੁਰੂ ਘਰਾਂ ਲਈ ਪਹਿਰੇਦਾਰੀ ਵਾਸਤੇ ਸੁਹਿਰਦ ਪਹੁੰਚ ਅਪਣਾਉਣ ਦੀ ਅਪੀਲ ਕਰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪਿੰਡਾਂ ਅੰਦਰ ਸੇਵਾ ਭਾਵਨਾ ਵਾਲੇ ਗੁਰਸਿੱਖਾਂ ਦੀਆਂ ਕਮੇਟੀਆਂ ਸਥਾਪਿਤ ਕਰਨ ਦੀ ਪਹਿਲਕਦਮੀ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦਾ ਦੁੱਖ ਨਾ ਸਹਿਣਾ ਪਵੇ। ਐਡਵੋਕੇਟ ਧਾਮੀ ਨੇ ਅਮਨ ਕਾਨੂੰਨ ਦੀ ਨਿਘਰਦੀ ਹਾਲਤ ਲਈ ਸਰਕਾਰ ਦੀ ਵੀ ਕਰੜੀ ਆਲੋਚਨਾ ਕੀਤੀ। ਪੰਜਾਬ ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ ਉਠਾਉਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੂਬੇ ਅੰਦਰ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰੰਤੂ ਸਰਕਾਰ ਨੇ ਕਾਰਵਾਈ ਕਰਨੀ ਤਾਂ ਦੂਰ, ਇਸ ਪਾਸੇ ਧਿਆਨ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ। ਇਹ ਮੌਜੂਦਾ ਪੰਜਾਬ ਸਰਕਾਰ ਦੀ ਸਿੱਖ ਸਰੋਕਾਰਾਂ ਪ੍ਰਤੀ ਗੈਰ ਜ਼ੁੰਮੇਵਰਾਨਾ ਪਹੁੰਚ ਹੈ, ਜੋ ਕਿ ਨਿੰਦਣਯੋਗ ਹੈ। ਐਡਵੋਕੇਟ ਧਾਮੀ ਨੇ ਸਰਕਾਰ ਨੂੰ ਕਿਹਾ ਕਿ ਉਹ ਆਪਣੀ ਡੰਗ ਟਪਾਊ ਨੀਤੀ ਛੱਡ ਕੇ ਧਾਰਮਿਕ ਭਾਵਨਾਵਾਂ ਤਾਰ ਤਾਰ ਕਰਨ ਵਾਲੇ ਲੋਕਾਂ ਦਾ ਪਰਦਾਫਾਸ਼ ਕਰਦੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸ੍ਰੀ ਮਾਹਿਲਪੁਰ ਸ਼ਹੀਦਾਂ ਲੱਧੇਵਾਲ ਵਿਖੇ ਕੀਤੇ ਸ਼ਸ਼ੋਬਿਤ 
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਣ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਦੀ ਅਗਵਾਈ ਹੇਠ ਇੱਕ ਟੀਮ ਭੇਜੀ ਗਈ ਸੀ। ਜਿਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਗੁਰਦੁਆਰਾ ਸ੍ਰੀ ਮਾਹਿਲਪੁਰ ਸ਼ਹੀਦਾਂ ਲੱਧੇਵਾਲ ਵਿਖੇ ਸੁਸ਼ੋਭਿਤ ਕਰ ਦਿੱਤੇ ਹਨ। ਇਹ ਸਰੂਪ ਉਨ੍ਹਾਂ ਚਿਰ ਨਹੀਂ ਦਿੱਤੇ ਜਾਣਗੇ ਜਿਨ੍ਹਾਂ ਚਿਰ ਪ੍ਰਬੰਧ ਸਹੀ ਨਹੀਂ ਹੁੰਦੇ। ਉਨ੍ਹਾਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ।